ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਦੇ ਮੱਦੇਨਜ਼ਰ ਹੁਣ ਹਰ ਪਾਰਟੀ ਨੇ ਤਿਆਰੀਆਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵੱਲੋ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਾ ਕਰਨ ਦੇ ਕਾਰਨ ਨਾਰਾਜ਼ ਚੱਲ ਰਹੇ ਭਗਵੰਤ ਮਾਨ ਲੱਗਭਗ ਦੋ ਹਫਤਿਆਂ ਬਾਅਦ ਸੋਸ਼ਲ ਮੀਡੀਆ ‘ਤੇ ਸਰਗਰਮ ਹੋ ਗਏ ਹਨ। MP ਮਾਨ ਨੇ ਉਨ੍ਹਾਂ ਨੂੰ ਮਿਲਣ ਆਏ ਵਾਲੰਟੀਅਰਾਂ ਦੀ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਮਾਨ ਦੇ ਘਰ ਵਰਕਰਾਂ ਨੂੰ ਮਿਲਣ ਦੇ ਵੱਖ -ਵੱਖ ਸਿਆਸੀ ਮਤਲਬ ਕੱਢੇ ਜਾ ਰਹੇ ਹੈ। ਇਹ ਚਰਚਾ ਕੀਤੀ ਜਾ ਰਹੀ ਹੈ ਕਿ ਕੀ ਮਾਨ ਪਾਰਟੀ ਨੂੰ ਸੰਦੇਸ਼ ਦੇ ਰਹੇ ਹਨ ਜਾਂ ਵਰਕਰ ਉਨ੍ਹਾਂ ਨੂੰ ਮੁੜ ਪਾਰਟੀ ਲਈ ਸਰਗਰਮ ਹੋਣ ਲਈ ਮਨਾਉਣ ਗਏ ਹਨ।
Volunteer meeting…ਪੰਜਾਬ ਦੇ ਕਈ ਹਲਕਿਆਂ ਚੋ ਆਏ ਵਲੰਟੀਅਰਾਂ ਨਾਲ ਨਿੱਘੀ ਮਿਲਣੀ ਹੋਈ… pic.twitter.com/9jGUFFrGZZ
— Bhagwant Mann (@BhagwantMann) September 1, 2021
ਭਗਵੰਤ ਮਾਨ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਪਾਰਟੀ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ। ਉਨ੍ਹਾਂ ਦੀ ਨਾਰਾਜ਼ਗੀ ਕਾਰਨ ਪਾਰਟੀ ਨੂੰ ਬਾਬਾ ਬਕਾਲਾ ਵਿੱਚ ਰੱਖੜ ਪੁਨੀਆ ਦਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਸੀ। ਇਸ ਤੋਂ ਬਾਅਦ ਜਦੋਂ ਕੇਜਰੀਵਾਲ ਅਕਾਲੀ ਆਗੂ ਸੇਵਾ ਸਿੰਘ ਸ਼ੇਖਵਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਲਈ ਬਟਾਲਾ ਆਏ ਤਾਂ ਮਾਨ ਉੱਥੇ ਪਹੁੰਚੇ ਸੀ। ਪਰ ਉਸ ਤੋਂ ਬਾਅਦ ਵੀ ਮਾਨ ਪੰਜਾਬ ਦੀ ਰਾਜਨੀਤੀ ਵਿੱਚ ਪਹਿਲਾਂ ਵਾਂਗ ਸਰਗਰਮ ਨਹੀਂ ਰਹੇ। ਹਾਲਾਂਕਿ ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਮਾਨ ਕੁੱਝ ਨਿੱਜੀ ਕੰਮਾਂ ਵਿੱਚ ਰੁੱਝੇ ਹੋਏ ਹਨ, ਇਸ ਨੂੰ ਨਾਰਾਜ਼ਗੀ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ। ਦੂਜੇ ਪਾਸੇ, ਆਮ ਆਦਮੀ ਪਾਰਟੀ ਤੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਅਤੇ ਹੁਣ ਕਾਂਗਰਸ ਵਿੱਚ ਸ਼ਾਮਿਲ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਦੇ ਵੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਨਹੀਂ ਐਲਾਨਣਗੇ।