ਮੁਕਤਸਰ ਦੇ ਲੰਬੀ ‘ਚ ਕਿਸਾਨਾਂ ਅਤੇ ਮਾਲ ਅਧਿਕਾਰੀਆਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਮੰਗਲਵਾਰ ਨੂੰ ਸੀਐੱਮ ਭਗਵੰਤ ਮਾਨ ਨੇ ਚੰਡੀਗੜ੍ਹ ‘ਚ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਹੈ। ਇਸ ਤੋਂ ਬਾਅਦ ਕਿਸਾਨ ਆਗੂ ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੁਕਤਸਰ ਦੇ ਡੀਸੀ ਅਤੇ ਡੀਐਸਪੀ ‘ਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਕਿਸਾਨਾਂ ਵਿਰੁੱਧ ਦਰਜ ਕੇਸ ਵੀ ਰੱਦ ਕੀਤੇ ਜਾਣਗੇ। ਕੁੱਝ ਦਿਨ ਪਹਿਲਾਂ ਇੱਥੇ ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਅਤੇ ਮਾਲ ਅਧਿਕਾਰੀਆਂ ਵਿਚਾਲੇ ਤਕਰਾਰ ਹੋ ਗਈ ਸੀ। ਜਿਸ ਤੋਂ ਬਾਅਦ ਪਟਵਾਰੀ ਅਤੇ ਮਾਲ ਅਧਿਕਾਰੀ ਹੜਤਾਲ ‘ਤੇ ਚਲੇ ਗਏ ਸੀ।
ਕਿਸਾਨ ਆਗੂਆਂ ਨੇ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਵਿੱਚ ਹੋਏ ਨੁਕਸਾਨ ਦਾ 50 ਫੀਸਦੀ ਮੁਆਵਜ਼ਾ ਦੇਣ ਬਾਰੇ ਸਮਝੌਤਾ ਹੋ ਗਿਆ ਹੈ। ਇਸ ਵਿੱਚ ਕਿਸਾਨਾਂ ਨੂੰ 50 ਕਰੋੜ ਰੁਪਏ ਮਿਲਣਗੇ। ਇਸ ਦੇ ਨਾਲ ਹੀ ਇਸ ਦਾ 10 ਫੀਸਦੀ ਯਾਨੀ 5 ਕਰੋੜ ਰੁਪਏ ਖੇਤ ਮਜ਼ਦੂਰਾਂ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪਟਿਆਲਾ, ਫਾਜ਼ਿਲਕਾ, ਅੰਮ੍ਰਿਤਸਰ ਵਿੱਚ ਗੜੇਮਾਰੀ ਕਾਰਨ ਹੋਏ ਨੁਕਸਾਨ ਦੀ ਵੀ ਜਲਦੀ ਗਿਰਦਾਵਰੀ ਕਰਵਾਈ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਖੇਤ ਮਾਲਕ ਕਿਸਾਨ ਤੋਂ ਠੇਕਾ ਲੈਂਦੇ ਸਨ ਤੇ ਮੁਆਵਜ਼ਾ ਵੀ, ਇਸ ਵਾਰ ਇਹ ਮੁਆਵਜ਼ਾ ਕਾਸ਼ਤਕਾਰ ਨੂੰ ਹੀ ਦਿੱਤਾ ਜਾਵੇਗਾ।