ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਭਗਵੰਤ ਮਾਨ ਦੇ ਹਲਕੇ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ‘ਚ ਮੁੱਖ ਮੰਤਰੀ ਚਿਹਰੇ ਵਜੋਂ ਐਲਾਨੇ ਗਏ ਭਗਵੰਤ ਮਾਨ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਜ਼ਿਲ੍ਹੇ ਦੀ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਇਸ ਬਾਰੇ ‘ਆਪ’ ਵੱਲੋਂ ਵੀਰਵਾਰ ਨੂੰ ਰਸਮੀ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਧੂਰੀ ਵਿਧਾਨ ਸਭਾ ਸੀਟ ਭਗਵੰਤ ਮਾਨ ਦੇ ਲੋਕ ਸਭਾ ਹਲਕੇ ਸੰਗਰੂਰ ਦੇ ਅਧੀਨ ਹੀ ਆਉਂਦੀ ਹੈ। ਧੂਰੀ ਹਲਕਾ ਪੰਜਾਬ ਦੇ ਮਾਲਵਾ ਬੈਲਟ ਹਿੱਸੇ ਵਿੱਚ ਆਉਂਦਾ ਹੈ ਅਤੇ ਸਭ ਤੋਂ ਵੱਧ ਵਿਧਾਨ ਸਭਾ ਸੀਟਾਂ ਵੀ ਇਸੇ ਬੈਲਟ ਵਿੱਚ ਹਨ।
ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੁਖੀ ਤੇ ਸੰਸਦ ਮੈਂਬਰ ਭਗਵੰਤ ਮਾਨ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ ਵੀ ਹੋਣਗੇ। ਧੂਰੀ ਵਿਧਾਨ ਸਭਾ ਸੀਟ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ 5 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਪਿਛਲੀਆਂ ਚੋਣਾਂ ਵਿੱਚ ਇੱਥੋਂ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੇ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੇ ਜਸਵੀਰ ਸਿੰਘ ਜੱਸੀ ਸੇਖੋਂ ਨੂੰ 2811 ਵੋਟਾਂ ਨਾਲ ਹਰਾਇਆ। ਦਲਵੀਰ ਸਿੰਘ ਗੋਲਡੀ ਨੂੰ 49347 ਅਤੇ ਨਜ਼ਦੀਕੀ ਵਿਰੋਧੀ ‘ਆਪ’ ਦੇ ਜਸਵੀਰ ਸਿੰਘ ਜੱਸੀ ਸੇਖੋਂ ਨੂੰ 46536 ਵੋਟਾਂ ਮਿਲੀਆਂ। ਇਸ ਵਾਰ ਇਸ ਹਲਕੇ ਤੋਂ ਭਗਵੰਤ ਮਾਨ ਖੁਦ ਉਮੀਦਵਾਰ ਹੋਣਗੇ।
ਬੀਤੇ ਦਿਨ ਭਗਵੰਤ ਮਾਨ ਨੂੰ ਸੀ.ਐਮ ਚਿਹਰਾ ਐਲਾਨਣ ਤੋਂ ਬਾਅਦ ਉਹ ਆਪਣੇ ਪਿੰਡ ਸਤੌਜ ਵੀ ਪਹੁੰਚੇ। ਪਿੰਡ ਵਾਸੀਆਂ ਨੇ ਭਗਵੰਤ ਮਾਨ ਦਾ ਮਾਤਾ ਹਰਪਾਲ ਕੌਰ ਸਮੇਤ ਸ਼ਾਨਦਾਰ ਸਵਾਗਤ ਕੀਤਾ। ਇਸ ਦੌਰਾਨ ਭਗਵੰਤ ਮਾਨ ਭਾਵੁਕ ਨਜ਼ਰ ਆਏ। ਭਗਵੰਤ ਮਾਨ ਨੇ ਕਿਹਾ ਕਿ ਉਹ ਪੈਦਲ ਪਿੰਡ ਆਉਣ ਲਈ ਬਹੁਤ ਉਤਾਵਲੇ ਸਨ, ਕਿਉਂਕਿ ਉਹ ਸਭ ਤੋਂ ਪਹਿਲਾਂ ਉਸ ਥਾਂ ‘ਤੇ ਆਉਣਾ ਚਾਹੁੰਦੇ ਸਨ, ਜਿਸ ਦੀ ਮਿੱਟੀ ‘ਚੋਂ ਉਹ ਪੈਦਾ ਹੋਇਆ ਸੀ।