ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਹੁਣ ਸਿਆਸਤ ਲਗਾਤਾਰ ਭੱਖਦੀ ਜਾ ਰਹੀ ਹੈ। ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਦਹਾਕਿਆਂ ਤੋਂ ਵਾਰੀ ਬੰਨ ਕੇ ਪੰਜਾਬ ਦੀ ਰਾਜ ਸੱਤਾ ਭੋਗਦੇ ਆ ਰਹੇ ਬਾਦਲ, ਕਾਂਗਰਸ, ਕੈਪਟਨ ਅਤੇ ਭਾਜਪਾ ਕੋਲ ਜੇਕਰ ਪੰਜਾਬ ਅਤੇ ਪੰਜਾਬੀਆਂ ਲਈ ਕੋਈ ਦੂਰ-ਦ੍ਰਿਸ਼ਟੀ ਹੁੰਦੀ ਤਾਂ ਪੰਜਾਬ ਅਤੇ ਪੰਜਾਬੀਆਂ ਦੀ ਹਾਲਤ ਐਨੀ ਤਰਸਯੋਗ ਨਾ ਹੁੰਦੀ। ਸੁਖਬੀਰ ਸਿੰਘ ਬਾਦਲ ਦੇ ‘ਪੰਜਾਬ ਨੂੰ ਦੂਰ-ਦ੍ਰਿਸ਼ਟੀ ਵਾਲੇ ਮੁੱਖ ਮੰਤਰੀ ਦੀ ਲੋੜ’ ਵਾਲੇ ਬਿਆਨ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਦੀ ਜਨਤਾ ਲਈ ਸਿਰਫ਼ ਆਮ ਆਦਮੀ ਪਾਰਟੀ ਹੀ ਇਕਲੌਤੀ ਉਮੀਦ ਹੈ।
ਵੀਰਵਾਰ ਨੂੰ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ”ਸੁਖਬੀਰ ਸਿੰਘ ਬਾਦਲ ਬਿਲਕੁਲ ਸਹੀ ਫਰਮਾਂ ਰਹੇ ਹਨ ਕਿ ਸੂਬੇ ਨੂੰ ਇੱਕ ਦੂਰ-ਦ੍ਰਿਸ਼ਟੀ ਵਾਲੇ ਮੁੱਖ ਮੰਤਰੀ ਦੀ ਜ਼ਰੂਰਤ ਹੈ, ਕਿਉਂਕਿ ਪੰਜ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਲਈ ਕੋਈ ਦੂਰ-ਦ੍ਰਿਸ਼ਟੀ ਨਹੀਂ ਸੀ ਅਤੇ ਇਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਜਿੱਥੇ ਪੰਜਾਬ ਸਾਢੇ 3 ਲੱਖ ਕਰੋੜ ਦੇ ਕਰਜ਼ੇ ਵਿੱਚ ਡੁੱਬਿਆ ਹੈ, ਉੱਥੇ ਹੀ ਨਸ਼ਿਆਂ ਨਾਲ ਨੌਜਵਾਨ ਮਾਰੇ ਗਏ, ਗ਼ਰੀਬੀ ਕਾਰਨ ਲੱਖਾਂ ਲੋਕਾਂ ਨੇ ਆਤਮ ਹੱਤਿਆਵਾਂ ਕੀਤੀਆਂ, ਪੰਜਾਬ ਨੇ ਕਾਲ਼ੇ ਦੌਰ ਦਾ ਸੰਤਾਪ ਭੋਗਿਆ, ਪੰਜਾਬ ਦਾ ਪਾਣੀ ਤੇ ਜ਼ਮੀਨ ਅਤੇ ਵਾਤਾਵਰਨ ਲੁੱਟੇ ਗਏ। ਜੂਨੀਅਰ ਬਾਦਲ ਦੀ ਇਸ ਟਿੱਪਣੀ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਕੰਮੇ ਮੁੱਖ ਮੰਤਰੀ ਹੋਣ ਦਾ ਸਰਟੀਫਿਕੇਟ ਵੀ ਦੇ ਦਿੱਤਾ ਹੈ ਅਤੇ ਭਵਿੱਖ ਲਈ ਪੰਜਾਬੀਆਂ ਨੂੰ ਸੁਚੇਤ ਵੀ ਕਰ ਦਿੱਤਾ ਹੈ ਕਿ ਪਹਿਲਾਂ ਦੁਹਰਾਈਆਂ ਗਈਆਂ ਗ਼ਲਤੀਆਂ ਦੁਬਾਰਾ ਨਾ ਕੀਤੀਆਂ ਜਾਣ।”