ਪੰਜਾਬ ‘ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਿਆਸਤ ‘ਚ ਇੱਕ ਵੱਡਾ ਧਮਾਕਾ ਕਰਦਿਆਂ ਆਪਣੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪ ਦੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੀ ਕਮਾਨ ਭਗਵੰਤ ਮਾਨ ਨੂੰ ਸੌਂਪ ਦਿੱਤੀ ਹੈ। ਕੇਜਰੀਵਾਲ ਨੇ ਦੱਸਿਆ ਕਿ ਇਸ ਦਾ ਫੈਸਲਾ ਜਨਤਕ ਵੋਟਿੰਗ ਦੁਆਰਾ ਲਿਆ ਗਿਆ ਹੈ।
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਭਗਵੰਤ ਮਾਨ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਇਸ ਦੌਰਾਨ ਮੰਚ ਤੋਂ ਭਗਵੰਤ ਮਾਨ ਦੀ ਮਾਂ ਨੇ ਵੀ ਪੁੱਤ ਨੂੰ ਇਹ ਵੱਡੀ ਜ਼ਿੰਮੇਵਾਰੀ ਮਿਲਣ ‘ਤੇ ਭਾਵੁਕ ਹੋ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ‘ਆਪ’ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਂ ਨੇ ਕਿਹਾ ਕਿ ਮੈਂ ਉਹ ਮਾਂ ਹਾਂ ਜਿਸ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ। ਮੈਂ ਭਗਵੰਤ ਨੂੰ ਬਹੁਤ ਅਸੀਸ ਦਿੰਦੀ ਹਾਂ। ਇਸ ਦੌਰਾਨ ਭਗਵੰਤ ਮਾਨ ਦੀ ਮਾਤਾ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਤੁਹਾਡਾ ਆਸ਼ੀਰਵਾਦ ਮੇਰੇ ਪੁੱਟ ‘ਤੇ ਬਣਿਆ ਰਿਹਾ, ਉਸੇ ਤਰ੍ਹਾਂ ਅੱਗੇ ਵੀ ਤੁਸੀਂ ਉਸ ਦੇ ਸਿਰ ‘ਤੇ ਹੱਥ ਰੱਖਣਾ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅੱਜ ਉਨ੍ਹਾਂ (ਭਗਵੰਤ ਮਾਨ) ਦੇ ਪਿਤਾ ਜਿਊਂਦੇ ਹੁੰਦੇ ਤਾਂ ਉਨ੍ਹਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ। ਪਰ ਪਰਮਾਤਮਾ ਦੀ ਮਰਜ਼ੀ ਅੱਗੇ ਕੁੱਝ ਵੀ ਨਹੀਂ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਮੇਰੇ ਪੁੱਟ ‘ਤੇ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਣ। ਇਸ ਦੌਰਾਨ ਭਗਵੰਤ ਮਾਨ ਦੀ ਮਾਂ ਕਾਫੀ ਭਾਵੁਕ ਹੋ ਗਏ। ਭਗਵੰਤ ਮਾਨ ਦੇ ਨਾਮ ਦਾ ਐਲਾਨ ਕਰਦਿਆਂ ਕੇਜਰੀਵਾਲ ਮੈ ਕਿਹਾ ਕਿ ਪੰਜਾਬ ਦੇ 21 ਲੱਖ ਤੋਂ ਵੱਧ ਲੋਕਾਂ ਨੇ ਜਨਤਕ ਵੋਟਿੰਗ ਵਿੱਚ ਆਪਣੀ ਵੋਟ ਪਾਈ ਸੀ, ਜਿਨ੍ਹਾਂ ਵਿੱਚੋਂ 93.3 ਫੀਸਦੀ ਨੇ ਭਗਵੰਤ ਮਾਨ ਦਾ ਨਾਂ ਲਿਆ ਸੀ।