ਪਿਛਲੇ ਕੁੱਝ ਦਿਨਾਂ ਦੌਰਾਨ ਪੰਜਾਬ ਵਿੱਚ ਵੱਡੇ ਸਿਆਸੀ ਉਲਟਫੇਰ ਦੇਖਣ ਨੂੰ ਮਿਲੇ ਹਨ। ਜਿੱਥੇ ਕਾਂਗਰਸ ਪਾਰਟੀ ਨੇ ਪੰਜਾਬ ‘ਚ ਨਵਾਂ ਮੁੱਖ ਮੰਤਰੀ ਬਣਾ ਕੇ ਅੰਦਰੂਨੀ ਕਲੇਸ਼ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ ਕੀਤੀ ਹੈ। ਉੱਥੇ ਹੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਿੱਚ ਸਭ ਕੁੱਝ all is well ਨਹੀਂ ਲੱਗ ਰਿਹਾ। ਕਿਉਂਕ ਲੋਕ ਸਭਾ ਚੋਣਾਂ ਤੋਂ ਪਹਿਲਾ ਹੁਣ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਇਨ੍ਹੀਂ ਦਿਨੀਂ ਸ਼ਾਂਤ ਦਿਖਾਈ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਨਹੀਂ ਬਣਾਇਆ ਗਿਆ ਤਾਂ ਉਹ ਇਸੇ ਤਰ੍ਹਾਂ ਚੁੱਪ ਰਹਿਣਗੇ।
ਪਿਛਲੇ ਇੱਕ ਮਹੀਨੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਬਾਰੇ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ, ਕਿਉਂਕਿ ਕੇਜਰੀਵਾਲ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਇੱਕ ਸਿੱਖ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ‘ਆਪ’ ਦੇ ਘੱਟੋ -ਘੱਟ 5 ਤੋਂ 6 ਵਿਧਾਇਕਾਂ ਨੇ ਜਨਤਕ ਤੌਰ ‘ਤੇ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਮਾਨ ਸੰਗਰੂਰ ਤੋਂ ਦੋ ਵਾਰ ‘ਆਪ’ ਦੇ ਸੰਸਦ ਮੈਂਬਰ ਹਨ। ਮਾਨ ਭਾਵੇਂ ਇਸ ਵੇਲੇ ਸ਼ਾਂਤ ਹਨ, ਪਰ ਉਨ੍ਹਾਂ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚੰਨੀ ਨੂੰ ਵਧਾਈ ਦੇ ਕੇ ਸਿਆਸੀ ਗਲਿਆਰੇ ਵਿੱਚ ਹਲਚਲ ਜ਼ਰੂਰ ਵਧਾ ਦਿੱਤੀ ਹੈ।
ਪਿਛਲੀ ਵਾਰ 2017 ਵਿੱਚ, ਪਾਰਟੀ ਨੇ ਕਿਸੇ ਨੂੰ ਸੀਐਮ ਉਮੀਦਵਾਰ ਐਲਾਨ ਨਹੀਂ ਕੀਤਾ ਸੀ, ਜਿਸਦੇ ਨਤੀਜੇ ਵਜੋਂ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਰਟੀ ਨੇ ਇਸ ਵਾਰ ਕਿਹਾ ਹੈ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣ ਮੈਦਾਨ ਵਿੱਚ ਉਤਰੇਗੀ, ਪਰ ਕੀ ਉਹ ਚਿਹਰਾ ਭਗਵੰਤ ਮਾਨ ਦਾ ਹੋਵੇਗਾ ਜਾਂ ਨਹੀਂ? ਫਿਲਹਾਲ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਮ ਆਦਮੀ ਪਾਰਟੀ ਕਦੋ ਅਤੇ ਕਿਸ ਦੇ ਨਾਮ ਦਾ ਮੁੱਖ ਵੱਜੋਂ ਐਲਾਨ ਕਰੇਗੀ।