ਪੰਜਾਬ ‘ਚ ਅੰਮ੍ਰਿਤਸਰ ਦੇ ਡਾਕਟਰ ਤੋਂ 1 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ‘ਚ ਬੁੱਧਵਾਰ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਇੱਕ ਵਾਰ ਫਿਰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ। ਅਦਾਲਤ ‘ਚ ਜੱਗੂ ਦਾ ਰਿਮਾਂਡ ਲੈਣ ਲਈ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ ਦੀ ਪੁਲਿਸ ਵੀ ਪਹੁੰਚੀ ਸੀ ਪਰ ਅਦਾਲਤ ਨੇ ਦੋਵਾਂ ਜ਼ਿਲ੍ਹਿਆਂ ਦੀ ਪੁਲੀਸ ਨੂੰ ਖਾਲੀ ਹੱਥ ਵਾਪਿਸ ਭੇਜ ਦਿੱਤਾ। ਅਦਾਲਤ ਨੇ ਦੋਵਾਂ ਜ਼ਿਲ੍ਹਿਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗੈਂਗਸਟਰ ਜੱਗੂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਬੀਤੇ ਬੁੱਧਵਾਰ ਨੂੰ ਜੱਗੂ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕਰਕੇ ਅੰਮ੍ਰਿਤਸਰ ਸਿਵਲ ਲਾਈਨ ਦੀ ਪੁਲਿਸ ਨੇ 6 ਦਿਨ ਦਾ ਰਿਮਾਂਡ ਹਾਸਿਲ ਕੀਤਾ ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਬੁੱਧਵਾਰ ਨੂੰ ਫਿਰ ਜੱਗੂ ਨੂੰ ਅਦਾਲਤ ‘ਚ ਲੈ ਗਈ। ਪੁਲਿਸ ਨੇ ਜੱਗੂ ਦਾ ਰਿਮਾਂਡ ਲੈਣ ਲਈ ਤਰਨਤਾਰਨ ਪੁਲਿਸ ਨੂੰ ਵੀ ਸਟੈਂਡ ਬਾਏ ‘ਤੇ ਰੱਖਿਆ ਹੋਇਆ ਹੈ। ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਆਪਣਾ ਪੱਖ ਪੇਸ਼ ਕੀਤਾ, ਜਿਸ ’ਤੇ ਅਦਾਲਤ ਨੇ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ।
ਅੰਮ੍ਰਿਤਸਰ ਪੁਲਿਸ ਨੂੰ ਰਿਮਾਂਡ ਨਾ ਮਿਲਣ ’ਤੇ ਤਰਨਤਾਰਨ ਪੁਲਿਸ ਨੇ ਅਦਾਲਤ ਵਿੱਚ ਆਪਣੀ ਫਾਈਲ ਪੇਸ਼ ਕੀਤੀ। ਇੱਕ ਕਤਲ ਕੇਸ ਵਿੱਚ ਤਰਨਤਾਰਨ ਪੁਲਿਸ ਜੱਗੂ ਦਾ ਰਿਮਾਂਡ ਹਾਸਿਲ ਕਰਨਾ ਚਾਹੁੰਦੀ ਸੀ ਪਰ ਅਦਾਲਤ ਨੇ ਉਨ੍ਹਾਂ ਦੀ ਗੱਲ ਸੁਣਨ ਤੋਂ ਬਾਅਦ ਵੀ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਅਦਾਲਤ ਨੇ ਜੱਗੂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦਰਅਸਲ ਮੂਸੇਵਾਲਾ ਕਤਲ ਕੇਸ ਵਿੱਚ 28 ਜੂਨ ਨੂੰ ਪੁਲਿਸ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਆਈ ਸੀ। ਇਸ ਤੋਂ ਬਾਅਦ ਉਸ ਨੂੰ ਮਾਨਸਾ ਪੁਲੀਸ ਨੇ ਰਿਮਾਂਡ ’ਤੇ ਲਿਆ ਸੀ। ਇਥੇ ਰਿਮਾਂਡ ਪੂਰਾ ਹੋਣ ਤੋਂ ਬਾਅਦ ਉਸ ਨੂੰ ਵੱਖ-ਵੱਖ ਮਾਮਲਿਆਂ ਵਿੱਚ ਰਿਮਾਂਡ ‘ਤੇ ਲਿਆ ਗਿਆ ਸੀ।