ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਇਜ਼ਰਾਈਲ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਇਜ਼ਰਾਈਲ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ 73 ਸਾਲਾ ਨੇਤਨਯਾਹੂ ਨੇ ਆਪਣੀ ਅਗਵਾਈ ਵਿੱਚ ਛੇਵੀਂ ਸਰਕਾਰ ਬਣਾਈ ਹੈ। ਇਸ ਵਿੱਚ ਬਹੁਤ ਸਾਰੇ ਕੱਟੜ ਸੱਜੇ ਪੱਖੀ ਦਲ ਸ਼ਾਮਿਲ ਹਨ। ਕਈ ਲੋਕਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਸਮੀਕਰਨ ਨਾਲ ਦੇਸ਼ ਦੀ ਆਬਾਦੀ ਦੇ ਇੱਕ ਵੱਡੇ ਹਿੱਸੇ ਦੀ ਸਰਕਾਰ ਨਾਲ ਅਸਹਿਮਤੀ ਹੋ ਸਕਦੀ ਹੈ। ਨੇਤਨਯਾਹੂ ਨੂੰ ਇਜ਼ਰਾਈਲੀ ਸੰਸਦ, ਨੇਸੈੱਟ ਦੇ 120 ਮੈਂਬਰਾਂ ਵਿੱਚੋਂ 64 ਦਾ ਸਮਰਥਨ ਪ੍ਰਾਪਤ ਹੈ, ਜੋ ਸਾਰੇ ਸੱਜੇ ਪੱਖੀ ਹਨ।
ਇਹਨਾਂ ਵਿੱਚ ਉਨ੍ਹਾਂ ਦੀ ਲਿਕੁਡ ਪਾਰਟੀ, ਯੂਨਾਈਟਿਡ ਤੋਰਾਹ ਯਹੂਦੀਵਾਦ, ਸੱਜੇ-ਪੱਖੀ ਓਟਜ਼ਮਾ ਯੇਹੂਦਿਤ, ਧਾਰਮਿਕ ਜ਼ਾਇਓਨਿਸਟ ਪਾਰਟੀ ਅਤੇ ਨੋਆਮ, ਅਤਿ-ਕੱਟੜਪੰਥੀ ਸ਼ਾਸਨ ਦੁਆਰਾ ਸਮਰਥਤ ਹਨ। ਨਵੀਂ ਸਰਕਾਰ ਦੇ ਸਹੁੰ ਚੁੱਕਣ ਤੋਂ ਪਹਿਲਾਂ ਨੇਸੈੱਟ ਨੂੰ ਆਪਣੇ ਸੰਬੋਧਨ ਵਿਚ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਤਿੰਨ ਰਾਸ਼ਟਰੀ ਟੀਚੇ ਪਰਮਾਣੂ ਹਥਿਆਰਾਂ ਵੱਲ ਈਰਾਨ ਦੀ ਤਰੱਕੀ ਨੂੰ ਰੋਕਣਾ, ਪੂਰੇ ਦੇਸ਼ ਵਿਚ ਬੁਲੇਟ ਟਰੇਨਾਂ ਚਲਾਉਣਾ ਅਤੇ ਹੋਰ ਅਰਬ ਦੇਸ਼ਾਂ ਨੂੰ ਅਬ੍ਰਾਹਮ ਸਮਝੌਤੇ ਅਧੀਨ ਲਿਆਉਣਾ ਚਾਹੁੰਦੇ ਹਨ।
ਨੇਤਨਯਾਹੂ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਾਰ-ਵਾਰ ਉਨ੍ਹਾਂ ਨੂੰ ਕਮਜ਼ੋਰ ਅਤੇ ਨਸਲਵਾਦੀ ਕਿਹਾ। ਹੰਗਾਮੇ ਦਰਮਿਆਨ ਨੇਤਨਯਾਹੂ ਨੇ ਕਿਹਾ, ‘ਵੋਟਰਾਂ ਦੇ ਫਤਵੇ ਦਾ ਸਨਮਾਨ ਕਰੋ। ਇਹ ਲੋਕਤੰਤਰ ਦਾ ਅੰਤ ਜਾਂ ਦੇਸ਼ ਦਾ ਅੰਤ ਨਹੀਂ ਹੈ।ਉਨ੍ਹਾਂ ਨੇ ਦੇਸ਼ ਦੇ ਨਾਗਰਿਕਾਂ ਦੀ ਨਿੱਜੀ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ ਨੂੰ ਘਟਾਉਣ ਦਾ ਵਾਅਦਾ ਕੀਤਾ। ਇਸ ਦੌਰਾਨ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ।