ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਰੌਸ ਟੇਲਰ ਨੇ ਆਪਣੀ ਕਿਤਾਬ ‘ਚ ਕਈ ਰਾਜ਼ ਖੋਲ੍ਹੇ ਹਨ। ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਅਤੇ ਸਟਾਰ ਆਲਰਾਊਂਡਰ ਬੇਨ ਸਟੋਕਸ ਨੂੰ ਲੈ ਕੇ ਰੌਸ ਟੇਲਰ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਰੌਸ ਟੇਲਰ ਦਾ ਕਹਿਣਾ ਹੈ ਕਿ ਬੇਨ ਸਟੋਕਸ ਨਿਊਜ਼ੀਲੈਂਡ ਕ੍ਰਿਕਟ ਟੀਮ ਨਾਲ ਆਪਣਾ ਅੰਤਰਰਾਸ਼ਟਰੀ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਸਨ। ਪਰ ਬੋਰਡ ‘ਤੇ ਭਰੋਸਾ ਨਾ ਹੋਣ ਕਾਰਨ ਉਨ੍ਹਾਂ ਨੇ ਨਿਊਜ਼ੀਲੈਂਡ ਦੀ ਬਜਾਏ ਇੰਗਲੈਂਡ ਨੂੰ ਚੁਣਿਆ। 2010 ਵਿੱਚ, ਰੌਸ ਟੇਲਰ ਨੇ ਬੇਨ ਸਟੋਕਸ ਨੂੰ ਪੁੱਛਿਆ ਸੀ ਕਿ ਕੀ ਉਹ ਨਿਊਜ਼ੀਲੈਂਡ ਲਈ ਕ੍ਰਿਕਟ ਖੇਡਣਾ ਚਾਹੁੰਦਾ ਹੈ। ਸਟੋਕਸ ਨੇ ਇਸ ‘ਚ ਆਪਣੀ ਦਿਲਚਸਪੀ ਦਿਖਾਈ ਸੀ। ਟੇਲਰ ਨੇ ਉਸ ਸਮੇਂ ਨਿਊਜ਼ੀਲੈਂਡ ਕ੍ਰਿਕਟ ਦੇ ਸੀਈਓ ਜਸਟਿਨ ਵਾਨ ਨਾਲ ਸਟੋਕਸ ਬਾਰੇ ਗੱਲ ਕੀਤੀ ਸੀ।
ਟੇਲਰ ਨੇ ਕਿਹਾ, ”18, 19 ਸਾਲ ਦੀ ਉਮਰ ਤੱਕ ਸਟੋਕਸ ਪੂਰੀ ਤਰ੍ਹਾਂ ਕੀਵੀ ਸੀ। ਮੈਂ ਉਸ ਨੂੰ ਕਿਹਾ ਸੀ ਕਿ ਕੀ ਤੁਸੀਂ ਨਿਊਜ਼ੀਲੈਂਡ ਆ ਕੇ ਕ੍ਰਿਕਟ ਖੇਡਣਾ ਚਾਹੁੰਦੇ ਹੋ। ਉਹ ਖੇਡਣਾ ਚਾਹੁੰਦਾ ਸੀ। ਮੈਂ ਜਸਟਿਨ ਨੂੰ ਸੁਨੇਹਾ ਭੇਜਿਆ। ਮੈਂ ਜਸਟਿਨ ਨੂੰ ਕਿਹਾ ਕਿ ਇਹ ਨੌਜਵਾਨ ਬਹੁਤ ਚੰਗਾ ਹੈ ਅਤੇ ਉਹ ਨਿਊਜ਼ੀਲੈਂਡ ਲਈ ਕ੍ਰਿਕਟ ਖੇਡਣਾ ਚਾਹੁੰਦਾ ਹੈ।” ਪਰ ਜਸਟਿਨ ਨੇ ਸਪੱਸ਼ਟ ਕੀਤਾ ਸੀ ਕਿ ਸਟੋਕਸ ਨੂੰ ਪਹਿਲਾਂ ਨਿਊਜ਼ੀਲੈਂਡ ‘ਚ ਘਰੇਲੂ ਕ੍ਰਿਕਟ ਖੇਡਣਾ ਪਏਗਾ। ਜਸਟਿਨ ਨੇ ਸਟੋਕਸ ਨੂੰ ਸਿੱਧੇ ਰਾਸ਼ਟਰੀ ਟੀਮ ਵਿੱਚ ਚੁਣਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਸਟੋਕਸ ਨਿਊਜ਼ੀਲੈਂਡ ਕ੍ਰਿਕਟ ਤੋਂ ਇਸ ਗੱਲ ਦਾ ਪੂਰਾ ਭਰੋਸਾ ਚਾਹੁੰਦੇ ਸਨ।
ਟੇਲਰ ਨੇ ਅੱਗੇ ਕਿਹਾ, ”ਬੇਨ ਸਟੋਕਸ ਨਿਊਜ਼ੀਲੈਂਡ ਲਈ ਕ੍ਰਿਕਟ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਸੀ। ਪਰ ਬੋਰਡ ਦਾ ਜਵਾਬ ਉਸ ਤਰ੍ਹਾਂ ਨਹੀਂ ਆਇਆ। ਜਸਟਿਨ ਇਸ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ। ਹਾਲਾਂਕਿ ਇਸ ਤੋਂ ਬਾਅਦ ਸਟੋਕਸ ਨੇ ਇੰਗਲੈਂਡ ਲਈ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਸਟੋਕਸ ਨੇ 2011 ਵਿੱਚ ਇੰਗਲੈਂਡ ਲਈ ਡੈਬਿਊ ਕੀਤਾ ਸੀ। ਇੰਨਾ ਹੀ ਨਹੀਂ 2019 ਵਿਸ਼ਵ ਕੱਪ ਦੇ ਫਾਈਨਲ ‘ਚ ਸਟੋਕਸ ਨੇ ਆਪਣੀ ਬਿਹਤਰੀਨ ਪਾਰੀ ਨਾਲ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲੀ ਵਾਰ ਇੰਗਲੈਂਡ ਨੂੰ ਜੇਤੂ ਬਣਾਇਆ ਸੀ।