ਇੰਗਲੈਂਡ ਦੇ ਮਹਾਨ ਹਰਫਨਮੌਲਾ ਖਿਡਾਰੀ ਬੇਨ ਸਟੋਕਸ ਨੇ ਵਨਡੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸਟੋਕਸ ਨੇ ਆਪਣੇ ਵਨਡੇ ਕਰੀਅਰ ਦੌਰਾਨ ਕਈ ਯਾਦਗਾਰ ਪਾਰੀਆਂ ਖੇਡੀਆਂ ਹਨ। ਸਟੋਕਸ ਨੇ ਵਨਡੇ ‘ਚ 3 ਸੈਂਕੜੇ ਅਤੇ 21 ਅਰਧ ਸੈਂਕੜੇ ਲਗਾਉਣ ਦੇ ਨਾਲ-ਨਾਲ 74 ਵਿਕਟਾਂ ਲਈਆਂ ਹਨ। ਬੇਨ ਸਟੋਕਸ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ, ”ਮੈਂ ਮੰਗਲਵਾਰ ਨੂੰ ਇੰਗਲੈਂਡ ਲਈ ਆਪਣਾ ਆਖਰੀ ਵਨਡੇ ਮੈਚ ਖੇਡਾਂਗਾ। ਮੈਂ ਇਸ ਫਾਰਮੈਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਇਹ ਮੇਰੇ ਲਈ ਬਹੁਤ ਮੁਸ਼ਕਿਲ ਫੈਸਲਾ ਰਿਹਾ ਹੈ। ਮੈਂ ਇੰਗਲੈਂਡ ਲਈ ਖੇਡਦਿਆਂ ਹਰ ਮਿੰਟ ਦਾ ਆਨੰਦ ਮਾਣਿਆ ਹੈ। ਸਾਡਾ ਸਫ਼ਰ ਸ਼ਾਨਦਾਰ ਰਿਹਾ।”
ਬੇਨ ਸਟੋਕਸ ਨੇ ਅੱਗੇ ਕਿਹਾ, ”ਇੱਥੇ ਪਹੁੰਚਣ ਦਾ ਫੈਸਲਾ ਬਹੁਤ ਮੁਸ਼ਕਿਲ ਸੀ। ਪਰ ਮੈਂ ਇਸ ਫਾਰਮੈਟ ਵਿੱਚ ਆਪਣਾ 100% ਦੇਣ ਦੇ ਯੋਗ ਨਹੀਂ ਹਾਂ। ਇੰਗਲੈਂਡ ਦੀ ਜਰਸੀ ਇਸ ਤੋਂ ਬਿਹਤਰ ਦੀ ਹੱਕਦਾਰ ਹੈ। ਇਹ ਫਾਰਮੈਟ ਮੇਰੇ ਲਈ ਨਹੀਂ ਹੈ। ਮੇਰਾ ਸਰੀਰ ਵੀ ਇਸ ਤਰ੍ਹਾਂ ਮੇਰਾ ਸਾਥ ਨਹੀਂ ਦੇ ਰਿਹਾ। ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਹੋਰ ਖਿਡਾਰੀ ਦੀ ਜਗ੍ਹਾ ਲੈ ਰਿਹਾ ਹਾਂ। ਇਹ ਸਮਾ ਅਗੇ ਚੱਲਣ ਦਾ ਹੈ।” ਬੇਨ ਸਟੋਕਸ ਹੁਣ ਟੈਸਟ ਕ੍ਰਿਕਟ ‘ਤੇ ਧਿਆਨ ਦੇਣਗੇ। ਸਟੋਕਸ ਨੇ ਕਿਹਾ, ”ਮੇਰੇ ਕੋਲ ਜੋ ਵੀ ਹੈ, ਹੁਣ ਮੈਂ ਟੈਸਟ ਕ੍ਰਿਕਟ ਨੂੰ ਹੀ ਦੇਵਾਂਗਾ। ਇਸ ਨਾਲ ਮੈਨੂੰ ਲੱਗਦਾ ਹੈ ਕਿ ਮੈਂ ਟੀ-20 ਕ੍ਰਿਕਟ ‘ਤੇ ਧਿਆਨ ਦੇ ਸਕਦਾ ਹਾਂ। ਧਿਆਨ ਯੋਗ ਹੈ ਕਿ ਸਟੋਕਸ ਨੇ ਅਗਸਤ 2011 ਵਿੱਚ ਆਇਰਲੈਂਡ ਦੇ ਖਿਲਾਫ ਪਹਿਲਾ ਵਨਡੇ ਮੈਚ ਖੇਡਿਆ ਸੀ। ਇਸ ਤੋਂ ਬਾਅਦ ਸਟੋਕਸ ਨੇ 104 ਮੈਚਾਂ ‘ਚ 2919 ਦੌੜਾਂ ਬਣਾਈਆਂ ਹਨ। ਵਨਡੇ ‘ਚ ਸਟੋਕਸ ਦਾ ਸਰਵੋਤਮ ਪ੍ਰਦਰਸ਼ਨ 61 ਦੌੜਾਂ ਦੇ ਕੇ 5 ਵਿਕਟਾਂ ਰਿਹਾ ਹੈ।