ਕਤਰ ‘ਚ ਚੱਲ ਰਹੇ ਫੀਫਾ ਵਿਸ਼ਵ ਕੱਪ 2022 ‘ਚ ਕਈ ਉਲਟਫੇਰ ਦੇਖਣ ਨੂੰ ਮਿਲ ਰਹੇ ਹਨ। ਐਤਵਾਰ ਨੂੰ ਫੀਫਾ ਰੈਂਕਿੰਗ ‘ਚ ਨੰਬਰ-2 ਟੀਮ ਬੈਲਜੀਅਮ ਨੂੰ ਮੋਰੱਕੋ ਦੇ ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਇੱਕ ਵੱਡਾ ਉਲਟਫੇਰ ਮੰਨਿਆ ਜਾਂ ਰਿਹਾ ਹੈ, ਜਿਸਦਾ ਪ੍ਰਭਾਵ ਮੈਦਾਨ ਤੋਂ ਲੈ ਕੇ ਸੜਕਾਂ ਤੱਕ ਵੀ ਦੇਖਣ ਨੂੰ ਮਿਲਿਆ ਹੈ। ਇਸ ਹਾਰ ਤੋਂ ਬਾਅਦ ਬੈਲਜੀਅਮ ‘ਚ ਪ੍ਰਸ਼ੰਸਕ ਬੇਕਾਬੂ ਹੋ ਗਏ ਅਤੇ ਵੱਖ-ਵੱਖ ਸ਼ਹਿਰਾਂ ‘ਚ ਦੰਗੇ ਵਰਗੇ ਹਾਲਾਤ ਬਣ ਗਏ। ਖਬਰਾਂ ਮੁਤਾਬਿਕ ਵਿਸ਼ਵ ਕੱਪ ਮੈਚ ‘ਚ ਮਿਲੀ ਹਾਰ ਤੋਂ ਬਾਅਦ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ‘ਚ ਹਜ਼ਾਰਾਂ ਪ੍ਰਸ਼ੰਸਕ ਸੜਕਾਂ ‘ਤੇ ਉਤਰ ਆਏ ਅਤੇ ਟੀਮ ਖਿਲਾਫ ਨਾਅਰੇਬਾਜ਼ੀ ਕੀਤੀ। ਇੱਥੇ ਵੱਡੀ ਗਿਣਤੀ ‘ਚ ਲੋਕਾਂ ਨੇ ਕਾਰਾਂ ਅਤੇ ਮੋਟਰਸਾਈਕਲਾਂ ‘ਤੇ ਆ ਕੇ ਪ੍ਰਦਰਸ਼ਨ ਕੀਤਾ। ਪਰ ਜਲਦੀ ਹੀ ਇਹ ਵਿਰੋਧ ਹਿੰਸਾ ਵਿੱਚ ਬਦਲ ਗਿਆ। ਇੱਥੇ ਕਈ ਥਾਵਾਂ ‘ਤੇ ਮੋਰੱਕੋ ਅਤੇ ਬੈਲਜੀਅਮ ਦੇ ਪ੍ਰਸ਼ੰਸਕ ਆਹਮੋ-ਸਾਹਮਣੇ ਹੋ ਗਏ ਅਤੇ ਦੋਵਾਂ ਗਰੁੱਪਾਂ ਵਿਚਾਲੇ ਝੜਪ ਹੋ ਗਈ। ਟਕਰਾਅ, ਜਸ਼ਨ ਅਤੇ ਗੁੱਸੇ ਦੇ ਇਸ ਮਾਹੌਲ ਦਰਮਿਆਨ ਸਰਕਾਰੀ ਵਾਹਨਾਂ ਦੀ ਭੰਨਤੋੜ ਕੀਤੀ ਗਈ।
ਫੁੱਟਬਾਲ ਪ੍ਰਸ਼ੰਸਕਾਂ ਨੇ ਇੱਥੇ ਬ੍ਰਸੇਲਜ਼ ਦੇ ਹਾਈਵੇਅ ‘ਤੇ ਦੰਗੇ ਕੀਤੇ, ਜਨਤਕ ਚੀਜ਼ਾਂ ਨੂੰ ਨੁਕਸਾਨ ਪਹੁੰਚਾਇਆ, ਵਾਹਨਾਂ ਦੀ ਭੰਨਤੋੜ ਕੀਤੀ ਅਤੇ ਅੱਗਜ਼ਨੀ ਕੀਤੀ। ਸ਼ਾਮ 7 ਵਜੇ ਦੇ ਕਰੀਬ ਸ਼ੁਰੂ ਹੋਈ ਇਹ ਭੰਨਤੋੜ ਦੇਰ ਰਾਤ ਤੱਕ ਜਾਰੀ ਰਹੀ। ਜਿਸ ਤੋਂ ਬਾਅਦ ਪੁਲਿਸ ਨੇ ਦਰਜਨਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੌਰਾਨ ਸਥਾਨਕ ਪ੍ਰਸ਼ਾਸਨ ਵੱਲੋਂ ਮੈਟਰੋ ਅਤੇ ਹੋਰ ਜਨਤਕ ਵਾਹਨਾਂ ਦੀ ਸੇਵਾ ‘ਤੇ ਕੁੱਝ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਮੈਟਰੋ ਸਟੇਸ਼ਨ ਦੇ ਗੇਟ ਬੰਦ ਕਰ ਦਿੱਤੇ ਗਏ ਤਾਂ ਕਿ ਪ੍ਰਦਰਸ਼ਨਕਾਰੀ ਇਨ੍ਹਾਂ ਥਾਵਾਂ ‘ਤੇ ਐਂਟਰੀ ਨਾ ਕਰ ਸਕਣ। ਅਜੇ ਵੀ ਬ੍ਰਸੇਲਜ਼ ਦੀਆਂ ਵੱਖ-ਵੱਖ ਥਾਵਾਂ ‘ਤੇ ਕੁੱਝ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਸਥਿਤੀ ਆਮ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ।
ਗੁੱਸੇ ਵਿੱਚ ਆਏ ਪ੍ਰਸ਼ੰਸਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰਨੀ ਪਈ ਸੀ। ਇੱਕ ਪੁਲਿਸ ਕਰਮਚਾਰੀ ਨੇ ਦੱਸਿਆ ਕਿ 12 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਹਿੰਸਾ ਦੀਆਂ ਕੁੱਝ ਵੀਡਿਓਜ਼ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਪ੍ਰਸ਼ੰਸਕ ਹੱਥਾਂ ਵਿੱਚ ਮੋਰੱਕੋ ਦੇ ਝੰਡੇ ਲੈ ਕੇ ਭੰਨਤੋੜ ਕਰਦੇ ਨਜ਼ਰ ਰਹੇ ਸਨ।
ਇੱਥੇ ਇੱਕ ਮਹਤੱਵਪੂਰਨ ਗੱਲ ਇਹ ਵੀ ਹੈ ਕਿ ਬੈਲਜੀਅਮ ਵਿੱਚ ਹੋਈ ਹਿੰਸਾ ਦਾ ਅਸਰ ਗੁਆਂਢੀ ਦੇਸ਼ ਨੀਦਰਲੈਂਡ ਵਿੱਚ ਵੀ ਦੇਖਣ ਨੂੰ ਮਿਲਿਆ। ਉੱਥੋਂ ਦੀ ਪੁਲਿਸ ਨੇ ਕਿਹਾ- ਰੋਟਰਡਮ ਵਿੱਚ ਹਿੰਸਾ ਭੜਕ ਗਈ ਅਤੇ ਦੰਗਾ ਵਿਰੋਧੀ ਅਧਿਕਾਰੀਆਂ ਨੇ ਲਗਭਗ 500 ਲੋਕਾਂ ਦੇ ਇੱਕ ਫੁੱਟਬਾਲ ਸਮਰਥਕ ਸਮੂਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਨੇ ਪੁਲਿਸ ‘ਤੇ ਪਥਰਾਅ ਕੀਤਾ ਅਤੇ ਅੱਗਜ਼ਨੀ ਅਤੇ ਭੰਨਤੋੜ ਕੀਤੀ। ਇਸ ਘਟਨਾ ‘ਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ।