ਬੀਤੇ ਦਿਨ ਪੰਜਾਬ ‘ਚ ਵਿਧਾਨ ਸਭਾ ਦੇ ਲਈ ਵੋਟਾਂ ਪਈਆਂ ਹਨ, ਪਰ ਇਸ ਦੌਰਾਨ ਇੱਕ ਪਰਿਵਾਰ ਅਜਿਹਾ ਵੀ ਹੈ ਜਿਸ ਨੇ ਵੋਟ ਨਹੀਂ ਪਾਈ, ਦੱਸ ਦੇਈਏ ਕਿ ਇਹ ਮਾਮਲਾ ਬਹਿਬਲ ਕਲਾਂ ਤੋਂ ਸਾਹਮਣੇ ਆਇਆ ਹੈ। ਜਿੱਥੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪਿਛਲੇ ਤਿੰਨ ਮਹੀਨਿਆਂ ਤੋਂ ਘਟਨਾ ਵਾਲੀ ਥਾਂ ‘ਤੇ ਧਰਨੇ ਉੱਪਰ ਬੈਠੇ ਪੀੜਤ ਪਰਿਵਾਰ ਨੇ ਵੋਟ ਨਹੀਂ ਪਾਈ। ਜ਼ਿਕਰਯੋਗ ਹੈ ਕਿ ਉਹਨਾਂ ਨੂੰ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਹੈ। ਗੋਲੀਕਾਂਡ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਕਿਹਾ ਕਿ ਲਗਪਗ ਸੱਤ ਸਾਲ ਬੀਤ ਗਏ ਹਨ, ਪਰ ਹਾਲੇ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ‘ਵੋਟਾਂ ਆਈਆਂ ਅਤੇ ਕਈ ਲੀਡਰ ਵੀ ਆਏ। ਪਰ ਇਨਸਾਫ਼ ਨਹੀਂ ਮਿਲਿਆ।’
ਦੱਸ ਦੇਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀ ਕਾਂਡ ਵਿੱਚ ਦੋ ਸਿੱਖ ਨੌਜਵਾਨਾਂ ਦੀ ਹੋਈ ਮੌਤ ਦੀ ਜਾਂਚ ਕਰਨ ਸਬੰਧੀ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ। ਪਰ ਅੱਜ ਤੱਕ ਇਸ ਕੇਸ ਦਾ ਕੋਈ ਫੈਸਲਾ ਨਹੀਂ ਹੋ ਸਕਿਆ, ਜਿਸ ਤੋਂ ਪੀੜਤ ਪਰਿਵਾਰ ਨਿਰਾਸ਼ ਹਨ। ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਵਿਖੇ ਹੋਏ ਗੋਲੀ ਕਾਂਡ ਵਿਚ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ।