ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਇਕਲੌਤੀ 8ਵੀਂ ਪੀੜ੍ਹੀ ਦੇ ਵੰਸ਼ਜ ਬੇਗਮ ਮੁਨੱਵਰ ਉਲ ਨਿਸ਼ਾ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਬੇਗਮ ਮੁਨੱਵਰ ਉਲ ਨਿਸ਼ਾ ਨੂੰ ਸਿੱਖ ਪੰਥ ਵਿੱਚ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ। ਬੇਗਮ ਮੁਨੱਵਰ ਉਲ ਨਿਸ਼ਾ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਵੰਸ਼ ਵਿੱਚੋਂ ਆਖ਼ਰੀ ਸਨ, ਜਿਨ੍ਹਾਂ ਨੇ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਦੁਆਰਾ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਨੀਹਾਂ ‘ਚ ਚਿਣੇ ਜਾਣ ਦਾ ਵਿਰੋਧ ਕੀਤਾ ਸੀ। ਮਲੇਰਕੋਟਲਾ ਦੇ ਸਵਰਗੀ ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਵੰਸ਼ ਦੀ 8ਵੀਂ ਪੀੜ੍ਹੀ ਦੀ ਲਗਭਗ 100 ਸਾਲ ਤੋਂ ਜ਼ਿਆਦਾ ਉਮਰ ਦੀ ਬਜ਼ੁਰਗ ਬੇਗ਼ਮ ਮੁਨੱਵਰ-ਉਲ-ਨਿਸਾ ਸ਼ੁੱਕਰਵਾਰ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ।
ਬੇਗਮ ਮੁਨੱਵਰ ਉਲ ਨਿਸ਼ਾ ਨੇ 102 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਮਲੇਰਕੋਟਲਾ ਦੇ ਹਜ਼ਰਤ ਹਲੀਮਾ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਉਥੇ ਉਨ੍ਹਾਂ ਦੀ ਸਿਹਤ ‘ਚ ਸੁਧਾਰ ਨਹੀਂ ਹੋਇਆ ‘ਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ। ਬੇਗਮ ਮੁਨੱਵਰ ਉਲ ਨਿਸ਼ਾ ਮਲੇਰਕੋਟਲਾ ਦੇ ਆਖਰੀ ਨਵਾਬ ਇਖ਼ਤਿਆਰ ਅਲੀ ਖਾਨ ਦੇ ਪਤਨੀ ਸੀ, ਜਿਨ੍ਹਾਂ ਦੀ ਮੌਤ 1982 ਵਿੱਚ ਹੋਈ ਸੀ। ਸ਼ੁੱਕਰਵਾਰ ਨੂੰ ਬੇਗਮ ਦੇ ਦਿਹਾਂਤ ਤੋਂ ਬਾਅਦ ਪੰਜਾਬ ਭਰ ਤੋਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਅਤੇ ਸ਼ਰਧਾਂਜਲੀ ਦੇਣ ਲਈ ਪਹੁੰਚੇ। ਬੇਗਮ ਨੂੰ ਦੁਪਹਿਰ ਬਾਅਦ ਸਪੁਰਦ-ਏ-ਖ਼ਾਕ ਕੀਤਾ ਗਿਆ ਸੀ।