ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਬੀਤੇ ਦਿਨੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਣ ਤੋਂ ਬਾਅਦ ਬਠਿੰਡਾ ਤੋਂ ਵਿਧਾਇਕ ਰੁਪਿੰਦਰ ਰੂਬੀ ਨੇ ਖੁਲਾਸਾ ਕੀਤਾ ਹੈ ਕਿ ਆਪ ਦੇ 4 ਹੋਰ ਵਿਧਾਇਕ ਜਲਦ ਹੀ ਪਾਰਟੀ ਛੱਡ ਸਕਦੇ ਹਨ। ਇਹ ਵਿਧਾਇਕ ਵੀ ਕਾਂਗਰਸ ਪਾਰਟੀ ਦੇ ਸੰਪਰਕ ਵਿੱਚ ਹਨ। ਬੀਤੇ ਦਿਨ ਹੀ ਰੁਪਿੰਦਰ ਰੂਬੀ ਕਾਂਗਰਸ ਵਿੱਚ ਸ਼ਾਮਿਲ ਹੋਈ ਹੈ।ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਵਿਰੋਧੀ ਦਲ ਦਾ ਰੁਤਬਾ ਖੁਸਣ ਤੇ ਸੰਕਟ ਪਹਿਲਾਂ ਹੀ ਮੰਡਰਾ ਰਿਹਾ ਹੈ।
ਉੱਥੇ ਹੀ, ਰੁਪਿੰਦਰ ਰੂਬੀ ਨੇ ਹੋਰ ਵਿਧਾਇਕਾਂ ਦੇ ਕਾਂਗਰਸ ਦੇ ਸੰਪਰਕ ਵਿੱਚ ਹੋਣ ਨਾਲ ਪਾਰਟੀ ਵਿੱਚ ਹੜਕੰਪ ਮਚਾ ਦਿੱਤਾ ਹੈ। ਉੱਥੇ ਹੀ ‘ਆਪ’ ਤੋਂ ਰੂਬੀ ਦੇ ਬਾਹਰ ਹੋਣ ਨਾਲ, ਪਾਰਟੀ ਦੇ ਵਿਧਾਇਕਾਂ ਦੀ ਪ੍ਰਭਾਵੀ ਗਿਣਤੀ 13 ‘ਤੇ ਆ ਗਈ ਹੈ – 20 ਤੋਂ ਸੱਤ ਘੱਟ, ਜੋ ਅਸਲ ਵਿੱਚ 2017 ਦੀਆਂ ਚੋਣਾਂ ਦੌਰਾਨ ਚੁਣੇ ਗਏ ਸਨ। ਜੇਕਰ ਖਰੜ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੰਵਰ ਸੰਧੂ ਨੂੰ ਵੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ, ਤਾਂ ਇਹ ਗਿਣਤੀ ਹੋਰ ਘੱਟ ਕੇ 12 ਰਹਿ ਜਾਵੇਗੀ।