ਪਿਛਲੇ ਦਿਨੀ CM ਭਗਵੰਤ ਮਾਨ ਨੇ ਹਰੀ ਝੰਡੀ ਦਿਖਾ ਲੁਧਿਆਣਾ ਹਵਾਈ ਅੱਡੇ ਤੋਂ ਵੀ ਉਡਾਣਾਂ ਸ਼ੁਰੂ ਕਰਵਾਈਆਂ ਸੀ। ਇਸੇ ਕੜੀ ਦੌਰਾਨ ਹੁਣ ਬਠਿੰਡਾ ਹਵਾਈ ਅੱਡੇ ਤੋਂ ਵੀ ਉਡਾਣਾਂ ਸ਼ੁਰੂ ਹੋਣਗੀਆਂ। ਤਿੰਨ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਹਵਾਈ ਅੱਡਾ ਬੁੱਧਵਾਰ ਨੂੰ ਲੋਕਾਂ ਲਈ ਦੁਬਾਰਾ ਖੁੱਲਣ ਜਾ ਰਿਹਾ ਹੈ। ਹਵਾਈ ਅੱਡੇ ਤੋਂ ਪਹਿਲੀ ਉਡਾਣ ਬੁੱਧਵਾਰ ਨੂੰ ਦੁਪਹਿਰ 12:30 ਵਜੇ ਬਠਿੰਡਾ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਇਹ ਇੱਕ ਘੰਟਾ 40 ਮਿੰਟ ਬਾਅਦ ਦੁਪਹਿਰ 2:10 ਵਜੇ ਦਿੱਲੀ ਪਹੁੰਚੇਗੀ।
ਇਸ ਤੋਂ ਪਹਿਲਾਂ ਦਿੱਲੀ ਤੋਂ ਫਲਾਈਟ ਦਾ ਸਮਾਂ ਸਵੇਰੇ 10:30 ਵਜੇ ਹੈ। ਇਹ ਫਲਾਈਟ ਦੁਪਹਿਰ 12:10 ‘ਤੇ ਬਠਿੰਡਾ ‘ਚ ਲੈਂਡ ਕਰੇਗੀ। ਇਸ ਦਾ ਕਿਰਾਇਆ ਇੱਕ ਹਜ਼ਾਰ ਰੁਪਏ ਤੈਅ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ ਸੀਐਮ ਭਗਵੰਤ ਮਾਨ ਕਰਨਗੇ। ਇਹ ਹਵਾਈ ਅੱਡਾ ਕੋਰੋਨਾ ਦੌਰ ਤੋਂ ਬੰਦ ਸੀ। ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਇਹ ਉਡਾਣ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ‘ਤੇ ਜਾਵੇਗੀ। ਪਹਿਲਾਂ ਇਹ ਉਡਾਣ ਮੰਗਲਵਾਰ ਨੂੰ ਸ਼ੁਰੂ ਕੀਤੀ ਜਾਣੀ ਸੀ ਪਰ ਕੁੱਝ ਤਕਨੀਕੀ ਕਾਰਨਾਂ ਕਰਕੇ ਇਸ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਲੁਧਿਆਣਾ ਤੋਂ ਵੀ ਉਡਾਣਾਂ ਸ਼ੁਰੂ ਕੀਤੀਆਂ ਸਨ। ਹੁਣ ਬਠਿੰਡਾ ਏਅਰਪੋਰਟ ਨੂੰ ਖੋਲ੍ਹਣ ਦੀ ਤਿਆਰੀ ਕਰ ਲਈ ਗਈ ਹੈ ਜੋ ਕਿ ਕੋਰੋਨਾ ਤੋਂ ਬਾਅਦ ਬੰਦ ਸੀ। ਪਹਿਲਾਂ ਬਠਿੰਡਾ ਤੋਂ ਦਿੱਲੀ ਅਤੇ ਜੰਮੂ ਲਈ ਉਡਾਣਾਂ ਸਨ। ਪਰ ਇਹ ਕੋਰੋਨਾ ਦੇ ਸਮੇਂ ਦੌਰਾਨ ਬੰਦ ਹੋ ਗਿਆ ਸੀ। ਫਿਲਹਾਲ ਕੰਪਨੀ 19 ਸੀਟਰ ਏਅਰਕ੍ਰਾਫਟ ਦਾ ਸੰਚਾਲਨ ਕਰੇਗੀ। ਲੋੜ ਪੈਣ ‘ਤੇ ਵੱਡੇ ਜਹਾਜ਼ ਵੀ ਚਲਾਏ ਜਾ ਸਕਦੇ ਹਨ।