ਬੜੌਦਾ ਦੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਘਟਨਾ ਆਂਧਰਾ ਪ੍ਰਦੇਸ਼ ਵਿੱਚ ਟੂਰਨਾਮੈਂਟ ਖੇਡ ਰਹੀ ਬੜੌਦਾ ਦੀ ਟੀਮ ਨਾਲ ਵਿਸ਼ਾਖਾਪਟਨਮ ਵਿੱਚ ਵਾਪਰੀ ਹੈ, ਜਿੱਥੇ ਟੀਮ ਦੀ ਬੱਸ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਬੱਸ ਦਾ ਡਰਾਈਵਰ ਵਾਲਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਾਣਕਾਰੀ ਮੁਤਾਬਿਕ ਇਸ ਹਾਦਸੇ ‘ਚ ਟੀਮ ਦੇ ਕੋਚ ਅਤੇ ਕੁੱਝ ਖਿਡਾਰੀ ਜ਼ਖਮੀ ਹੋਏ ਹਨ ਪਰ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਦੀ ਵੀ ਸੱਟ ਜ਼ਿਆਦਾ ਗੰਭੀਰ ਨਹੀਂ ਸੀ। ਇੱਕ ਰਿਪੋਰਟ ਦੇ ਅਨੁਸਾਰ, ਬੜੌਦਾ ਮਹਿਲਾ ਕ੍ਰਿਕਟ ਟੀਮ ਦੀ ਬੱਸ ਸ਼ੁੱਕਰਵਾਰ 21 ਅਕਤੂਬਰ ਨੂੰ ਵਿਸ਼ਾਖਾਪਟਨਮ ਦੇ ਗਿਆਨਪੁਰਮ ਵਿੱਚ ਇੱਕ ਟਰੱਕ ਨਾਲ ਟਕਰਾ ਗਈ। ਵਿਸ਼ਾਖਾਪਟਨਮ ਪੁਲਿਸ ਨੇ ਇੱਕ ਬਿਆਨ ‘ਚ ਕਿਹਾ ਕਿ ਹਾਦਸੇ ‘ਚ ਬੜੌਦਾ ਟੀਮ ਦੇ ਚਾਰ ਖਿਡਾਰੀ ਅਤੇ ਕੋਚ ਜ਼ਖਮੀ ਹੋ ਗਏ ਹਨ। ਇਨ੍ਹਾਂ ਸਾਰਿਆਂ ਨੂੰ ਤੁਰੰਤ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਿਕ ਟੀਮ ਆਂਧਰਾ ਪ੍ਰਦੇਸ਼ ‘ਚ ਮਹਿਲਾ ਸੀਨੀਅਰ ਟੀ-20 ਚੈਂਪੀਅਨਸ਼ਿਪ ਖੇਡ ਕੇ ਵਾਪਿਸ ਆਪਣੇ ਗ੍ਰਹਿ ਸ਼ਹਿਰ ਵਡੋਦਰਾ ਪਰਤ ਰਹੀ ਸੀ। ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਵੀ ਖਿਡਾਰੀ ਅਤੇ ਕੋਚ ਦੀ ਸੱਟ ਬਹੁਤੀ ਗੰਭੀਰ ਨਹੀਂ ਸੀ। ਇਨ੍ਹਾਂ ਸਾਰਿਆਂ ਨੂੰ ਹਲਕੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜ਼ਖਮੀ ਖਿਡਾਰੀ ਅਤੇ ਕੋਚ ਟੀਮ ਸਮੇਤ ਵਾਪਿਸ ਵਡੋਦਰਾ ਚਲੇ ਗਏ।