“ਮੰਜ਼ਿਲ ‘ਤੇ ਉਹੀ ਪਹੁੰਚਦੇ ਨੇ ਜਿਨ੍ਹਾਂ ਦੇ ਸੁਪਨਿਆਂ ‘ਚ ਜਾਨ ਹੁੰਦੀ ਆ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆ ਨਾਲ ਉਡਾਣ ਹੁੰਦੀ ਆ” ਤੁਸੀਂ ਇਹਨਾਂ ਸਤਰਾਂ ਦੇ ਅਰਥ ਸਮਝ ਲਏ ਹੋਣਗੇ। ਅਸਲ ਵਿੱਚ ਪੰਜਾਬ ਦੇ ਇੱਕ ਨੌਜਵਾਨ ਨੇ ਇੰਨਾਂ ਸਤਰਾਂ ਨੂੰ ਆਪਣੀ ਕਾਮਯਾਬੀ ਵਿੱਚ ਬਦਲ ਦਿੱਤਾ ਹੈ। ਪੰਜਾਬ ਦੇ ਬਰਨਾਲਾ ਦੇ ਪਿੰਡ ਪੰਡੋਰੀ ਦਾ ਇੱਕ ਨੌਜਵਾਨ ਬ੍ਰਿਟਿਸ਼ ਫੌਜ ਵਿੱਚ ਭਰਤੀ ਹੋਇਆ ਹੈ। ਇੱਕ ਗਰੀਬ ਪਰਿਵਾਰ ਦਾ ਪੁੱਤਰ, ਜਿਸ ਨੇ ਛੋਟੀ ਉਮਰ ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਪਰ ਉਸ ਦਾ ਹੌਂਸਲਾ ਨਾ ਡੋਲਿਆ ਅਤੇ ਆਪਣੀ ਮਿਹਨਤ ਦੇ ਬਲਬੂਤੇ ਉਸ ਨੇ ਸਫਲਤਾ ਦਾ ਝੰਡਾ ਬੁਲੰਦ ਕੀਤਾ। ਬੇਟੇ ਦੀ ਇਸ ਕਾਮਯਾਬੀ ਕਾਰਨ ਬਰਨਾਲਾ ਵਿੱਚ ਰਹਿੰਦੇ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ। ਨੌਜਵਾਨ ਦੇ ਪਰਿਵਾਰ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।
ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਪੰਡੋਰੀ ਦਾ ਦਵਿੰਦਰ ਸਿੰਘ ਬੋਪਾਰਾਏ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਇੰਗਲੈਂਡ ਗਿਆ ਸੀ। ਉੱਥੇ ਫੌਜ ਦੀ ਭਰਤੀ ਸ਼ੁਰੂ ਹੋਈ, ਜਿਸ ਵਿੱਚ ਦੇਵੇਂਦਰ ਨੇ ਵੀ ਅਪਲਾਈ ਕੀਤਾ ਸੀ। ਫੌਜ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਉਹ ਅੰਗਰੇਜ਼ੀ ਫੌਜ ਵਿਚ ਚੁਣਿਆ ਗਿਆ ਹੈ। ਦਵਿੰਦਰ ਸਿੰਘ ਦੀ ਮਾਂ ਅਤੇ ਤਾਈ ਨੇ ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ ਦੱਸਿਆ ਕਿ ਜਦੋਂ ਦਵਿੰਦਰ ਸਿਰਫ਼ ਚਾਰ ਸਾਲ ਦਾ ਸੀ ਤਾਂ ਉਸ ਦੇ ਪਿਤਾ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਦਵਿੰਦਰ ਦੇ ਚਾਚੇ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਦੋਵਾਂ ਦਰਾਣੀਆਂ-ਜਠਾਣੀਆਂ ਨੇ ਮਿਲ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਉਨ੍ਹਾਂ ਕੋਲ ਸਿਰਫ਼ ਡੇਢ ਏਕੜ ਜ਼ਮੀਨ ਹੈ ਅਤੇ ਉਸ ਜ਼ਮੀਨ ਨਾਲ ਹੀ ਆਪਣੇ ਬੱਚਿਆਂ ਨੂੰ ਪੜ੍ਹਾਇਆ ਹੈ।