ਏਸ਼ੀਆ ਕੱਪ 2023 ਦੇ ਫਾਈਨਲ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੂੰ ਟੂਰਨਾਮੈਂਟ ਵਿੱਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੁਪਰ-4 ਦੇ ਆਪਣੇ ਆਖਰੀ ਮੈਚ ‘ਚ ਟੀਮ ਇੰਡੀਆ ਨੂੰ ਬੰਗਲਾਦੇਸ਼ ਹੱਥੋਂ 6 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ੁਭਮਨ ਗਿੱਲ ਦਾ ਜ਼ਬਰਦਸਤ ਸੈਂਕੜਾ ਵੀ ਟੀਮ ਇੰਡੀਆ ਨੂੰ ਇਸ ਹਾਰ ਤੋਂ ਨਹੀਂ ਬਚਾ ਸਕਿਆ। ਬਦਲਾਅ ਦੇ ਨਾਲ ਮੈਚ ‘ਚ ਉੱਤਰਨ ਵਾਲੀ ਟੀਮ ਇੰਡੀਆ ਦੀ ਬੱਲੇਬਾਜ਼ੀ ਇਸ ਮੈਚ ‘ਚ ਬੁਰੀ ਤਰ੍ਹਾਂ ਅਸਫਲ ਰਹੀ ਅਤੇ ਬੰਗਲਾਦੇਸ਼ ਵਲੋਂ ਦਿੱਤੇ 266 ਦੌੜਾਂ ਦੇ ਟੀਚੇ ਦੇ ਜਵਾਬ ‘ਚ 259 ਦੌੜਾਂ ਹੀ ਬਣਾ ਸਕੀ। ਏਸ਼ੀਆ ਕੱਪ ਦੇ ਇਤਿਹਾਸ ਵਿੱਚ ਬੰਗਲਾਦੇਸ਼ ਨੇ ਭਾਰਤ ਨੂੰ ਦੂਜੀ ਵਾਰ ਹਰਾਇਆ ਹੈ। ਇੰਨਾ ਹੀ ਨਹੀਂ ਵਨਡੇ ਰੈਂਕਿੰਗ ‘ਚ ਪਹਿਲਾ ਸਥਾਨ ਹਾਸਿਲ ਕਰਨ ਦਾ ਮੌਕਾ ਵੀ ਟੀਮ ਇੰਡੀਆ ਦੇ ਹੱਥੋਂ ਖਿਸਕ ਗਿਆ।
