ਬੰਗਲਾਦੇਸ਼ ਨੇ ਢਾਕਾ ‘ਚ ਖੇਡੇ ਗਏ ਦੂਜੇ ਵਨਡੇ ‘ਚ ਭਾਰਤ ਨੂੰ 5 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 271/7 ਦਾ ਸਕੋਰ ਬਣਾਇਆ ਸੀ ਅਤੇ ਜਵਾਬ ‘ਚ ਭਾਰਤ ਸਿਰਫ 266/9 ਦਾ ਸਕੋਰ ਹੀ ਬਣਾ ਸਕਿਆ। ਲਗਾਤਾਰ ਦੋ ਮੈਚ ਹਾਰਨ ਤੋਂ ਇਲਾਵਾ ਭਾਰਤ ਸੀਰੀਜ਼ ਵੀ ਗੁਆ ਚੁੱਕਾ ਹੈ ਅਤੇ ਬੰਗਲਾਦੇਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਧੂੜ ਚਟਾ ਦਿੱਤੀ ਹੈ। ਰੋਹਿਤ ਦਾ ਤੂਫਾਨੀ ਅਰਧ ਸੈਂਕੜਾ ਵੀ ਭਾਰਤੀ ਟੀਮ ਦੇ ਕੰਮ ਨਹੀਂ ਆਇਆ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਅਤੇ ਉਸ ਨੇ ਸਿਰਫ਼ 69 ਦੌੜਾਂ ‘ਤੇ ਆਪਣੀਆਂ ਛੇ ਵਿਕਟਾਂ ਗੁਆ ਦਿੱਤੀਆਂ ਸੀ। ਹਾਲਾਂਕਿ ਇਸ ਤੋਂ ਬਾਅਦ ਮਹਿੰਦੀ ਹਸਨ ਮਿਰਾਜ ਅਤੇ ਮਹਿਮੂਦੁੱਲਾ ਨੇ 148 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ ਆਪਣੀ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਮਿਰਾਜ ਨੇ 83 ਗੇਂਦਾਂ ਵਿੱਚ ਨਾਬਾਦ 100 ਦੌੜਾਂ ਬਣਾਈਆਂ, ਜਿਸ ਵਿੱਚ ਅੱਠ ਚੌਕੇ ਅਤੇ ਚਾਰ ਛੱਕੇ ਸ਼ਾਮਿਲ ਸਨ। ਮਹਿਮੂਦੁੱਲਾ ਨੇ ਵੀ 77 ਦੌੜਾਂ ਦਾ ਚੰਗਾ ਸਾਥ ਦਿੱਤਾ। ਭਾਰਤ ਲਈ ਵਾਸ਼ਿੰਗਟਨ ਸੁੰਦਰ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ।