ਪੰਜਾਬ ਵਿੱਚ ਜਨਮੇ ਬਲਵੀਰ ਸਿੰਘ ਨਿਊਜਰਸੀ ਵਿਧਾਨ ਸਭਾ ਦੇ ਇਤਿਹਾਸ ਵਿੱਚ ਪਹਿਲੇ ਸਿੱਖ ਵਿਧਾਇਕ ਬਣ ਗਏ ਹਨ। ਸੰਯੁਕਤ ਰਾਸ਼ਟਰ ਨਾਲ ਜੁੜੇ ਸੰਗਠਨ ਯੂਨਾਈਟਿਡ ਸਿੱਖਸ ਨੇ ਉਨ੍ਹਾਂ ਨੂੰ ਵਿਧਾਇਕ ਬਣਨ ‘ਤੇ ਵਧਾਈ ਦਿੱਤੀ ਹੈ। ਅਸੈਂਬਲੀ ਲਈ ਚੁਣੇ ਜਾਣ ਤੋਂ ਪਹਿਲਾਂ, ਬਲਵੀਰ ਸਿੰਘ ਨੇ ਬਰਲਿੰਗਟਨ ਟਾਊਨਸ਼ਿਪ ਬੋਰਡ ਆਫ਼ ਐਜੂਕੇਸ਼ਨ (2015-2017) ਵਿੱਚ ਸੇਵਾ ਕੀਤੀ। ਫਿਰ ਉਹ ਬਰਲਿੰਗਟਨ ਕਾਉਂਟੀ ਬੋਰਡ ਆਫ਼ ਕਮਿਸ਼ਨਰਜ਼ ਲਈ ਚੁਣੇ ਗਏ। ਕਮਿਸ਼ਨਰ ਵੱਜੋਂ ਉਨ੍ਹਾਂ ਨੇ ਕਿਫਾਇਤੀ ਰਿਹਾਇਸ਼, ਆਰਥਿਕ ਵਿਕਾਸ, ਅਤੇ ਜਨਤਕ ਸਿਹਤ ਸੁਧਾਰਾਂ ਨੂੰ ਉਤਸ਼ਾਹਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਦੇ ਯਤਨਾਂ ਸਦਕਾ $13 ਮਿਲੀਅਨ ਤੋਂ ਵੱਧ ਦੀ ਕੀਮਤ ਦਾ ਇੱਕ ਰੈਂਟਲ ਸਹਾਇਤਾ ਪ੍ਰੋਗਰਾਮ ਬਣਾਇਆ ਗਿਆ ਸੀ।
ਕਾਰੋਬਾਰਾਂ ਲਈ ਜ਼ੀਰੋ-ਵਿਆਜ ਕਰਜ਼ੇ ਉਪਲਬਧ ਕਰਵਾਏ ਗਏ ਸਨ ਅਤੇ ਲੋੜਵੰਦਾਂ ਦੀ ਮਦਦ ਲਈ 60 ਬਿਸਤਰਿਆਂ ਵਾਲੀ ਐਮਰਜੈਂਸੀ ਸ਼ੈਲਟਰ ਬਣਾਈ ਗਈ ਸੀ। ਬਲਵੀਰ ਸਿੰਘ ਦਾ ਜਨਮ ਹੁਸ਼ਿਆਰਪੁਰ ਵਿਖੇ ਹੋਇਆ ਸੀ। ਉਹ 14 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਅਮਰੀਕਾ ਚਲੇ ਗਏ ਸਨ। ਉੱਥੇ ਉਨ੍ਹਾਂ ਨੇ ਬਰਲਿੰਗਟਨ ਸਿਟੀ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਸੀ।