ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਰਕਾਰ ਦਾ ਸਾਰਾ ਸਿਸਟਮ ਖਰੀਦ ਲਿਆ ਹੈ। ਇਹੀ ਕਾਰਨ ਹੈ ਕਿ ਹੁਣ ਜਦੋਂ ਲਾਰੈਂਸ ਦੀ ਜੇਲ ‘ਚੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੋਨ ਕਾਲ ਦੇ ਤੱਥ ਸਾਹਮਣੇ ਆਏ ਹਨ ਤਾਂ ਪੰਜਾਬ ਦੇ ਸਿਸਟਮ ‘ਤੇ ਸਰਕਾਰ ਦਾ ਕੋਈ ਨੁਮਾਇੰਦਾ, ਕੋਈ ਨੇਤਾ ਜਾਂ ਵਿਰੋਧੀ ਧਿਰ ਦਾ ਕੋਈ ਨੇਤਾ ਨਹੀਂ ਬੋਲ ਰਿਹਾ। ਬਲਕੌਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜੇਲ ‘ਚ ਬੈਠਾ ਗੈਂਗਸਟਰ ਲਾਰੈਂਸ ਬਿਸ਼ਨੋਈ ਬਾਹਰ ਫੋਨ ‘ਤੇ ਸੰਪਰਕ ਕਰ ਰਿਹਾ ਹੈ ਅਤੇ ਫਿਰੌਤੀ ਮੰਗ ਰਿਹਾ ਹੈ ਅਤੇ ਕਿਸੇ ਦਾ ਕਤਲ ਕਰਨਾ ਉਸ ਲਈ ਕੋਈ ਵੱਡੀ ਗੱਲ ਨਹੀਂ ਹੈ। ਉਹ ਪੰਜਾਬ ਦਾ ਵਧੀਆ ਮਾਹੌਲ ਚਾਹੁੰਦੇ ਹਨ।
ਬਲਕੌਰ ਸਿੰਘ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਮਸ਼ਹੂਰ ਵਿਅਕਤੀ ਸਰਕਾਰ ਨੂੰ ਟੈਕਸ ਅਦਾ ਕਰਦੇ ਹਨ। ਉਨ੍ਹਾਂ ਦੀ ਸੁਰੱਖਿਆ ਲਈ ਸਰਕਾਰ ਕੀ ਕਰਦੀ ਹੈ? ਉਨ੍ਹਾਂ ਕਿਹਾ ਕਿ ਗੈਂਗਸਟਰਾਂ ਕਾਰਨ ਪੰਜਾਬ ਵਿੱਚ ਮਾੜੇ ਮਾਹੌਲ ਕਾਰਨ ਨੌਜਵਾਨ ਪੰਜਾਬੀ ਮੁੰਡੇ-ਕੁੜੀਆਂ ਵਿਦੇਸ਼ਾਂ ਨੂੰ ਜਾ ਰਹੇ ਹਨ ਕਿਉਂਕਿ ਉਥੇ ਕਿਸੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।