ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹਾਰਟ ਪ੍ਰੋਬਲਮ ਦਾ ਇਲਾਜ ਕਰਵਾਉਣ ਤੋਂ ਬਾਅਦ ਐਤਵਾਰ ਨੂੰ ਪਿੰਡ ਮੂਸੇ ਦੀ ਹਵੇਲੀ ‘ਚ ਲੋਕਾਂ ਨੂੰ ਮਿਲੇ ਹਨ ਪਰ ਇਸ ਦੌਰਾਨ ਇੱਕ ਵਾਰ ਫਿਰ ਉਨ੍ਹਾਂ ਦਾ ਗੁੱਸਾ ਪੰਜਾਬ ਸਰਕਾਰ ‘ਤੇ ਉੱਤਰਿਆ ਹੈ। ਉਨ੍ਹਾਂ ਨੇ ਗੋਲੀਆਂ ਨਾਲ ਛੱਲੀ ਹੋਈ ਥਾਰ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਰੱਖ ਕੇ ਸੜਕਾਂ ‘ਤੇ ਘੁੰਮਣ ਦੀ ਗੱਲ ਕਹੀ ਹੈ।
ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਸਿੱਧੂ ਮੂਸੇਵਾਲਾ ਦੀ ਕਾਰ ਦਾ ਸ਼ੀਸ਼ਾ ਵੀ ਨਹੀਂ ਪਵਾਇਆ ਹੈ। ਉਨ੍ਹਾਂ ਕਿਹਾ ਕਿ ਉਹ ਥਾਰ ਵਿੱਚ ਘੁੰਮਣਗੇ ਅਤੇ ਲੋਕਾਂ ਨੂੰ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਦੱਸਣਗੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪੰਜਾਬ ਦੀ ਕਾਨੂੰਨ ਵਿਵਸਥਾ ਇੰਨੀ ਵਧੀਆ ਹੈ ਤਾਂ ਤੁਸੀਂ ਆਪਣੀ ਪਤਨੀ ਨੂੰ 40 ਗੰਨਮੈਨ ਅਤੇ ਜੈਮਰ ਕਿਉਂ ਦਿੱਤੇ ਹਨ।
ਬਲਕੌਰ ਸਿੰਘ ਨੇ ਇਸ ਦੌਰਾਨ ਸੂਬੇ ਵਿੱਚ ਖੋਲ੍ਹੇ ਗਏ 500 ਮੁਹੱਲਾ ਕਲੀਨਿਕਾਂ ‘ਤੇ ਵੀ ਤੰਜ ਕਸਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਮੁਹੱਲਾ ਕਲੀਨਿਕ ਖੋਲ੍ਹਦੇ ਰਹੋ ਪਰ ਮਰੀਜ਼ ਰਸਤੇ ਵਿੱਚ ਹੀ ਮਰ ਜਾਂਦੇ ਹਨ। ਜਦੋਂ ਮੇਰੇ ਪੁੱਤਰ ਦੀ ਮੌਤ ਹੋਈ ਸੀ ਹਸਪਤਾਲ 3 ਮਿੰਟ ਦੀ ਦੂਰੀ ‘ਤੇ ਸੀ ਪਰ ਨਹੀਂ ਪਹੁੰਚ ਸਕਿਆ। ਉਸ ਦੇ ਸਰੀਰ ਨੂੰ 35 ਗੋਲੀਆਂ ਲੱਗੀਆਂ ਸੀ।