[gtranslate]

ਲਕਸਨ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਣ ‘ਤੇ Brian Tamaki ਦਾ ਵਿਵਾਦਤ ਬਿਆਨ, ਕਿਹਾ – “PM ਨੇ ਤਿਆਗੀ NZ ਦੀ ਸੋਚ ਤੇ ਵਿਚਾਰ”

ਭਾਰਤ ਦੇ ਪੰਜ ਦਿਨਾਂ ਦੌਰੇ ਮਗਰੋਂ ਵਾਪਿਸ ਨਿਊਜ਼ੀਲੈਂਡ ਪਰਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਇੱਕ ਨਵਾਂ ਵਿਵਾਦ ਜੁੜਦਾ ਜਾ ਰਿਹਾ ਹੈ। ਦਰਅਸਲ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ ਸੀ। ਇੱਥੇ ਉਨ੍ਹਾਂ ਨੇ ਅਰਦਾਸ ਕੀਤੀ ਸੀ। ਇਸ ਮਗਰੋਂ ਗੁਰਦੁਆਰਾ ਕਮੇਟੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲੈਕਸਨ ਅਤੇ ਪੀ.ਐਮ ਮੋਦੀ ਨੂੰ ਸਨਮਾਨਿਤ ਕੀਤਾ ਸੀ। ਪਰ ਉਨ੍ਹਾਂ ਦੇ ਨਤਮਸਤਕ ਹੋਣ ਨੂੰ ਲੈ ਕੇ ਨਿਊਜ਼ੀਲੈਂਡ ਦੇ ਵਿਵਾਦਤ ਬਿਆਨਾਂ ਵਾਲੇ ਆਗੂ ਡੈਸਟਨੀ ਚਰਚ ਲੀਡਰ ਬ੍ਰਾਇਨ ਤਮਾਕੀ ਨੇ ਰੋਸ ਪ੍ਰਗਟਾਇਆ ਹੈ। ਤਮਾਕੀ ਨੇ ਸੋਸ਼ਲ ਮੀਡੀਆ ‘ਤੇ ਲਕਸਨ, ਮਾਰਕ ਮਿਸ਼ਲ ਤੇ ਨਿਊਜੀਲੈਂਡ ਸਰਕਾਰ ‘ਤੇ ਨਿਸ਼ਾਨਾ ਸਾਧ ਆਖਿਆ ਕਿ ਕਾਰੋਬਾਰੀ ਸਾਂਝ ਪਾਉਣ ਦੇ ਮਕਸਦ ਨੂੰ ਸਿੱਧ ਕਰਨ ਲਈ ਲਸਕਨ ਨੇ ਨਿਊਜੀਲੈਂਡ ਵਾਸੀਆਂ ਦੀ ਧਾਰਮਿਕ ਸੋਚ ਤੇ ਵਿਚਾਰਾਂ ਨੂੰ ਤਿਆਗਿਆ ਹੈ।

ਤਮਾਕੀ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਹੈ ਕਿ, ਲਕਸਨ ਵਿਦੇਸ਼ੀ ਰੱਬ ਅੱਗੇ ਝੁਕਿਆ ਹੈ ਤੇ ਇਸ ਲਈ ਉਨ੍ਹਾਂ ਨੇ ਨਿਊਜੀਲੈਂਡ ਦੀਆਂ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ ਕੀਤੀ ਅਤੇ ਇਸਦਾ ਮੁੱਲ ਪੂਰੇ ਨਿਊਜੀਲੈਂਡ ਨੂੰ ਭੁਗਤਣਾ ਪਏਗਾ। ਆਪਣੇ ਬਿਆਨ ਵਿੱਚ ਤਮਾਕੀ ਨੇ ਨਿਊਜੀਲੈਂਡ ‘ਚ ਵੱਧ ਰਹੀ ਪ੍ਰਵਾਸੀਆਂ ਦੀ ਗਿਣਤੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਹਾਲਾਂਕਿ ਤਮਾਕੀ ਦੇ ਬਿਆਨ ਦਾ ਮੈਂਬਰ ਪਾਰਲੀਮੈਂਟ ਤੇ ਐਥਨੀਕ ਕਮਿਊਨਿਟੀਜ਼ ਮਨਿਸਟਰ ਮਾਰਕ ਮਿਸ਼ਲ ਨੇ ਵਿਰੋਧ ਕਰ ਕਿਹਾ ਹੈ ਕਿ ਤਮਾਕੀ ਤੁਸੀਂ ਆਪਣੀ ਸੋਚ ਨੂੰ ਬਦਲੋ ਤੇ ਹੁਣ ਵੱਡੇ ਹੋ ਜਾਓ। ਸਾਡੇ ਦੇਸ਼ ਨਿਊਜੀਲੈਂਡ ਵਿੱਚ ਘੱਟ ਗਿਣਤੀ ਲੋਕਾਂ ਅਤੇ ਐਥਨੀਕ ਕਮਿਊਨਿਟੀਆਂ ਦੀਆਂ ਭਾਵਨਾਵਾਂ ਨਾਲ ਖੇਡਣਾ ਤੁਹਾਡੇ ਲਈ ਇੱਕ ਪੇਸ਼ਾ ਬਣ ਗਿਆ ਹੈ ਅਤੇ ਇਹ ਵਰਤਾਰਾ ਨਾ ਹੀ ਕਿਸੇ ਕ੍ਰਿਸਚਨ ਵਿਅਕਤੀ ਦਾ ਹੋ ਸਕਦਾ ਹੈ ਤੇ ਨਾ ਹੀ ਕਿਸੇ ਨਿਊਜੀਲੈਂਡ ਵਾਸੀ ਦਾ। ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਇਸ ਮਸਲਾ ਕਿੱਥੇ ਤੱਕ ਜਾਂਦਾ।

Leave a Reply

Your email address will not be published. Required fields are marked *