ਵਿਸ਼ਵ ਕੱਪ 2023 ਵਿੱਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਬਾਬਰ ਆਜ਼ਮ ਨੇ ਪਾਕਿਸਤਾਨ ਕ੍ਰਿਕਟ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਬਾਬਰ ਨੇ ਬੁੱਧਵਾਰ 15 ਨਵੰਬਰ ਨੂੰ ਇੱਕ ਬਿਆਨ ਜਾਰੀ ਕਰਕੇ ਸਾਰੇ ਫਾਰਮੈਟਾਂ ਵਿੱਚ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਬਾਬਰ ਆਜ਼ਮ ਨੂੰ 2019 ਵਿੱਚ ਪਹਿਲੀ ਵਾਰ ਪਾਕਿਸਤਾਨੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ ਅਤੇ 2021 ਵਿੱਚ ਉਹ ਤਿੰਨੋਂ ਫਾਰਮੈਟਾਂ ਵਿੱਚ ਕਪਤਾਨ ਬਣੇ ਸਨ। ਬਾਬਰ ਨੇ ਆਪਣੇ ਬਿਆਨ ‘ਚ ਕਿਹਾ ਕਿ ਪਾਕਿਸਤਾਨ ਕ੍ਰਿਕਟ ਟੀਮ ਦੀ ਅਗਵਾਈ ਕਰਨਾ ਮਾਣ ਵਾਲੀ ਗੱਲ ਸੀ ਅਤੇ ਇਸ ਨੂੰ ਛੱਡਣ ਦਾ ਫੈਸਲਾ ਲੈਣਾ ਬਹੁਤ ਮੁਸ਼ਕਿਲ ਸੀ ਪਰ ਇਸ ਫੈਸਲੇ ਦਾ ਇਹ ਸਹੀ ਸਮਾਂ ਸੀ।
ਪਾਕਿਸਤਾਨ ਨੇ ਵਿਸ਼ਵ ਕੱਪ 2023 ਵਿਚ ਆਪਣਾ ਆਖਰੀ ਮੈਚ ਸ਼ਨੀਵਾਰ 11 ਨਵੰਬਰ ਨੂੰ ਖੇਡਿਆ ਸੀ, ਜਿਸ ਵਿਚ ਇੰਗਲੈਂਡ ਨੇ ਉਸ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਇਹ ਪੰਜਵੀਂ ਹਾਰ ਸੀ। ਇਸ ਹਾਰ ਤੋਂ ਬਾਅਦ ਬਾਬਰ ਅਤੇ ਉਨ੍ਹਾਂ ਦੀ ਟੀਮ ਸੋਮਵਾਰ 13 ਨਵੰਬਰ ਨੂੰ ਪਾਕਿਸਤਾਨ ਪਹੁੰਚ ਗਈ। ਬਾਬਰ ਲਾਹੌਰ ਸਥਿਤ ਆਪਣੇ ਘਰ ਪਹੁੰਚ ਗਏ ਸੀ ਅਤੇ ਉਦੋਂ ਤੋਂ ਹੀ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਲੱਗੀਆਂ ਹੋਈਆਂ ਸਨ ਕਿ ਬਾਬਰ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਬੈਠਕ ‘ਚ ਕੀ ਹੋਵੇਗਾ। ਕੀ ਪਾਕਿਸਤਾਨੀ ਬੋਰਡ ਉਸ ਨੂੰ ਹੋਰ ਬਰਕਰਾਰ ਰੱਖੇਗਾ? ਬੁੱਧਵਾਰ ਨੂੰ ਇਸਦਾ ਜਵਾਬ ਮਿਲ ਗਿਆ।