ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦਾ ਸ਼ਨੀਵਾਰ ਰਾਤ ਨੂੰ ਮੁੰਬਈ ਦੇ ਬਾਂਦਰਾ ਇਲਾਕੇ ‘ਚ ਤਿੰਨ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਦੋ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹੈਰਾਨ ਕਰਨ ਵਾਲੀ ਘਟਨਾ ਨੇ ਵਿਰੋਧੀ ਧਿਰ ਨੂੰ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਉਠਾਉਣ ਦਾ ਵੱਡਾ ਮੌਕਾ ਦਿੱਤਾ ਹੈ, ਜਿੱਥੇ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ।
ਬਾਬਾ ਸਿੱਦੀਕੀ ਦੇ ਕਤਲ ਵਿੱਚ ਬਿਸ਼ਨੋਈ ਗੈਂਗ ਦਾ ਹੱਥ ਹੈ। ਮੁੰਬਈ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ‘ਚ ਸਿਰਫ ਬਿਸ਼ਨੋਈ ਗੈਂਗ ਦੀ ਭੂਮਿਕਾ ਹੀ ਸਾਹਮਣੇ ਆਈ ਹੈ। ਦੱਸ ਦੇਈਏ ਬਾਬਾ ਸਿੱਦੀਕੀ ਅਦਾਕਾਰ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੇ ਕਾਫੀ ਕਰੀਬ ਸਨ। ਸਾਲ 2013 ‘ਚ ਇਫਤਾਰ ਪਾਰਟੀ ਦੌਰਾਨ ਬਾਬਾ ਸਿੱਦੀਕੀ ਨੇ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਵਿਚਾਲੇ ਦੁਸ਼ਮਣੀ ਖਤਮ ਕਰ ਕੇ ਉਨ੍ਹਾਂ ਨੂੰ ਦੁਬਾਰਾ ਦੋਸਤ ਬਣਾਇਆ ਸੀ। ਸਲਮਾਨ ਖਾਨ ਬਾਬਾ ਸਿੱਦੀਕੀ ਦੇ ਪਰਿਵਾਰ ਨੂੰ ਮਿਲਣ ਲਈ ਦੇਰ ਰਾਤ ਹਸਪਤਾਲ ਪਹੁੰਚੇ ਸਨ।