ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅਦਾਕਾਰ ਦੇ ਪਿਤਾ ਜੋਤਸ਼ੀ ਪੰਡਿਤ ਪੀ ਖੁਰਾਨਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁੱਝ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਜਾਣਕਾਰੀ ਅਨੁਸਾਰ ਆਯੁਸ਼ਮਾਨ ਦੇ ਪਿਤਾ ਪੀ ਖੁਰਾਨਾ ਦਾ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਪਰ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਆਯੁਸ਼ਮਾਨ ਖੁਰਾਨਾ ਦੇ ਭਰਾ ਅਪਾਰਸ਼ਕਤੀ ਖੁਰਾਨਾ ਦੀ ਤਰਫੋਂ ਉਨ੍ਹਾਂ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ‘ਚ ਲਿਖਿਆ ਹੈ, “ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਆਯੁਸ਼ਮਾਨ ਅਤੇ ਅਪਾਰਸ਼ਕਤੀ ਖੁਰਾਨਾ ਦੇ ਪਿਤਾ ਜੋਤਸ਼ੀ ਪੀ ਖੁਰਾਨਾ ਦਾ ਲੰਬੀ ਬਿਮਾਰੀ ਕਾਰਨ ਮੋਹਾਲੀ ਵਿਖੇ ਅੱਜ ਸਵੇਰੇ 10:30 ਵਜੇ ਦਿਹਾਂਤ ਹੋ ਗਿਆ ਹੈ। ਇਸ ਨਿੱਜੀ ਨੁਕਸਾਨ ਦੌਰਾਨ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਸਮਰਥਨ ਲਈ ਅਸੀਂ ਤੁਹਾਡੇ ਸਾਰਿਆਂ ਦੇ ਧੰਨਵਾਦੀ ਹਾਂ।”