ਸ਼੍ਰੋਮਣੀ ਅਕਾਲੀ ਦਲ ਵਿੱਚ ਇੱਕ ਵਾਰ ਫਿਰ ਅੰਦਰੂਨੀ ਬਗਾਵਤ ਦੇਖਣ ਨੂੰ ਮਿਲ ਰਹੀ ਹੈ। ਦਾਖਾ ਵਿਧਾਨ ਸਭਾ ਹਲਕੇ ਦੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੀ ਹੀ ਪਾਰਟੀ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਚੈਲੰਜ ਕੀਤਾ ਹੈ। ਦਰਅਸਲ, ਵਿਰਸਾ ਸਿੰਘ ਵਲਟੋਹਾ ਵੱਲੋਂ ਇਕ ਪ੍ਰੈੱਸ ਕਾਨਫਰੰਸ ਵਿੱਚ ਇਲਜ਼ਾਮ ਲਗਾਏ ਸੀ ਕਿ ਮਨਪ੍ਰੀਤ ਇਯਾਲੀ ਭਾਜਪਾ ਨਾਲ ਮੁਲਾਕਾਤ ਕਰ ਰਹੇ ਨੇ। ਇਸ ਨੂੰ ਲੈ ਕੇ ਹੁਣ ਮਨਪ੍ਰੀਤ ਸਿੰਘ ਇਯਾਲੀ ਨੇ ਇਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਚੈਲੰਜ ਕੀਤਾ ਹੈ ਤੇ ਵਿਰਸਾ ਸਿੰਘ ਵਲਟੋਹਾ ਨੂੰ ਪੁੱਛਿਆ ਹੈ ਕਿ ਇਸ ਬਾਰੇ ਜੇਕਰ ਕੋਈ ਵੀ ਸਬੂਤ ਹੈ ਤਾਂ ਉਹ ਸਾਹਮਣੇ ਰੱਖ ਦਿਓ ਤਾਂ ਮੈਂ ਸਿਆਸਤ ਛੱਡ ਦਿਆਂਗਾ। ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਮੈਂ ਦਿੱਲੀ ਜ਼ਰੂਰ ਗਿਆ ਸੀ ਪਰ ਮੈਂ ਆਪਣੀ ਪਤਨੀ ਨੂੰ ਲੈਣ ਗਿਆ ਸੀ, ਜੋ ਕੈਨੇਡਾ ਤੋਂ ਆਏ ਸਨ।
ਬੀਤੇ ਦਿਨ ਅਕਾਲੀ ਦਲ ਦੇ ਕਈ ਵੱਡੇ ਆਗੂਆਂ ਵੱਲੋਂ ਕੀਤੀਆਂ ਪ੍ਰੈੱਸ ਕਾਨਫਰੰਸਾਂ ਵਿੱਚ ਇਯਾਲੀ ਦਾ ਖਾਸ ਜ਼ਿਕਰ ਕੀਤਾ ਗਿਆ ਸੀ ਕਿਉਂਕਿ ਇਯਾਲੀ ਨੇ ਰਾਸ਼ਟਰਪਤੀ ਚੋਣ ਸਮੇਂ ਐੱਨ.ਡੀ.ਏ. ਦੀ ਉਮੀਦਵਾਰ ਦ੍ਰੌਪਦੀ ਮੁਰਮੂ ਨੂੰ ਵੋਟ ਪਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਬੇਸ਼ੱਕ ਇਯਾਲੀ ਦਾ ਨਾਂ ਨਹੀਂ ਲਿਆ ਗਿਆ ਪਰ ਅਸਿੱਧੇ ਤੌਰ ‘ਤੇ ਕਿਹਾ ਗਿਆ ਕਿ ਸਾਡੇ ਇਕ ਲੀਡਰ ਨੇ ਵੋਟ ਪਾਉਣ ਤੋਂ ਮਨ੍ਹਾ ਕਰ ਦਿੱਤਾ ਸੀ ਤੇ ਹੁਣ ਉਹ ਭਾਜਪਾ ਨਾਲ ਮੁਲਾਕਾਤ ਕਰ ਰਹੇ ਹਨ ਤੇ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਵੀ ਖਾਸ ਤੌਰ ‘ਤੇ ਲਿਆ ਗਿਆ।