ਬ੍ਰਿਟੇਨ ਦੇ ਰਾਜਾ ਚਾਰਲਸ ਆਪਣੀ ਪਤਨੀ ਮਹਾਰਾਣੀ ਕੈਮੇਲੀਆ ਨਾਲ ਪੰਜ ਦਿਨਾਂ ਦੌਰੇ ‘ਤੇ ਆਸਟ੍ਰੇਲੀਆ ਆਏ ਹਨ। ਇੱਥੇ ਉਨ੍ਹਾਂ ਨੇ ਆਸਟ੍ਰੇਲੀਅਨ ਸੰਸਦ ‘ਚ ਆਯੋਜਿਤ ਸੰਸਦੀ ਰਿਸੈਪਸ਼ਨ ‘ਚ ਹਿੱਸਾ ਲਿਆ। ਪਰ ਇਸ ਦੌਰਾਨ ਆਸਟ੍ਰੇਲੀਅਨ ਸੈਨੇਟਰ ਲਿਡੀਆ ਥੋਰਪ ਨੇ ਬਸਤੀਵਾਦ ਵਿਰੋਧੀ ਨਾਅਰੇ ਲਾਏ। ਥੋਰਪ ਨੇ ਕਿਹਾ ਕਿ ਤੁਸੀਂ ਮੇਰੇ ਰਾਜਾ ਨਹੀਂ ਹੋ। ਤੁਸੀਂ ਸਾਡੇ ਲੋਕਾਂ ਦਾ ਕਤਲੇਆਮ ਕੀਤਾ ਹੈ। ਸਾਡੀ ਜ਼ਮੀਨ ਵਾਪਸ ਦਿਓ। ਜੋ ਕੁਝ ਤੁਸੀਂ ਸਾਡੇ ਕੋਲੋਂ ਚੋਰੀ ਕੀਤਾ ਹੈ ਉਹ ਸਭ ਵਾਪਿਸ ਦੇ ਦਿਓ। ਇਸ ਤੋਂ ਤੁਰੰਤ ਬਾਅਦ ਸੈਨੇਟਰ ਲਿਡੀਆ ਥੋਰਪ ਨੂੰ ਉੱਥੇ ਮੌਜੂਦ ਸੁਰੱਖਿਆ ਗਾਰਡਾਂ ਨੇ ਬਾਹਰ ਕੱਢ ਦਿੱਤਾ।
ਸੋਮਵਾਰ ਨੂੰ, ਕਿੰਗ ਚਾਰਲਸ ਕੈਨਬਰਾ ਵਿਚ ਪਾਰਲੀਮੈਂਟ ਹਾਊਸ ਦੇ ਗ੍ਰੇਟ ਹਾਲ ਵਿਚ ਆਸਟ੍ਰੇਲੀਆਈ ਸੰਸਦ ਮੈਂਬਰਾਂ ਅਤੇ ਸੈਨੇਟਰਾਂ ਵਿਚਕਾਰ ਭਾਸ਼ਣ ਦੇ ਰਹੇ ਸਨ। ਫਿਰ ਸੈਨੇਟਰ ਲਿਡੀਆ ਨੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ। ਆਸਟ੍ਰੇਲੀਅਨ ਸੈਨੇਟਰ ਲਿਡੀਆ ਥੋਰਪ ਰਾਜਸ਼ਾਹੀ ਵਿਰੁੱਧ ਬੋਲਣ ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਲਈ ਜਾਣੀ ਜਾਂਦੀ ਹੈ। ਇਸ ਤੋਂ ਪਹਿਲਾਂ ਸਾਲ 2022 ‘ਚ ਸੈਨੇਟਰ ਵਜੋਂ ਸਹੁੰ ਚੁੱਕਣ ਸਮੇਂ ਉਨ੍ਹਾਂ ਨੇ ਮਹਾਰਾਣੀ ਐਲਿਜ਼ਾਬੇਥ-2 ਨਾਲ ਸਬੰਧਤ ਸਹੁੰ ‘ਚ ਲਿਖੀਆਂ ਗੱਲਾਂ ਨੂੰ ਪੜ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਇਸ ‘ਤੇ ਚੈਂਬਰ ਦੇ ਪ੍ਰਧਾਨ ਸੂ ਲਾਇਨਜ਼ ਨੇ ਥੋਰਪ ਨੂੰ ਕਿਹਾ ਸੀ ਕਿ ਤੁਹਾਡੇ ਕੋਲੋਂ ਕਾਰਡ ‘ਤੇ ਛਪੀ ਸਹੁੰ ਨੂੰ ਪੜ੍ਹਨ ਦੀ ਉਮੀਦ ਹੈ।
ਆਸਟ੍ਰੇਲੀਆ 100 ਸਾਲਾਂ ਤੋਂ ਵੱਧ ਸਮੇਂ ਲਈ ਇੱਕ ਬ੍ਰਿਟਿਸ਼ ਬਸਤੀ ਸੀ, ਆਸਟ੍ਰੇਲੀਆ ਨੂੰ 1901 ਵਿੱਚ ਆਜ਼ਾਦੀ ਮਿਲੀ ਸੀ। ਹਾਲਾਂਕਿ ਆਸਟ੍ਰੇਲੀਆ ਅਜੇ ਪੂਰਾ ਗਣਰਾਜ ਨਹੀਂ ਬਣਿਆ ਹੈ। ਅੱਜ ਵੀ, ਇੱਥੇ ਸੰਵਿਧਾਨਕ ਰਾਜਤੰਤਰ ਕਾਇਮ ਹੈ ਅਤੇ ਇਸ ਦੇ ਰਾਜ ਦੇ ਮੁਖੀ ਵਜੋਂ ਰਾਜਾ ਚਾਰਲਸ ਹਨ। ਇਸ ਤੋਂ ਇਲਾਵਾ ਇਹ ਦੇਸ਼ ਬ੍ਰਿਟੇਨ ਦੇ ਕਾਮਨਵੈਲਥ ਦੇਸ਼ ਦਾ ਵੀ ਹਿੱਸਾ ਹੈ, ਜਿਸ ਵਿਚ ਭਾਰਤ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਕੁੱਲ 56 ਦੇਸ਼ ਰਾਸ਼ਟਰਮੰਡਲ ਮੈਂਬਰਾਂ ਵਿੱਚ ਸ਼ਾਮਿਲ ਹਨ।