ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਊਜ਼ੀਲੈਂਡ ਦਾ ਪਹਿਲਾ ਵਰਲਡ ਕਬੱਡੀ ਕੱਪ ਸ਼ਾਨਦਾਰ ਹੋ ਨਿਬੜਿਆ ਹੈ। ਨਿਊਜ਼ੀਲੈਂਡ ਦੇ ਪਹਿਲੇ ਕਬੱਡੀ ਕੱਪ ‘ਤੇ ਆਸਟ੍ਰੇਲੀਆ ਦੀ ਟੀਮ ਨੇ ਕਬਜ਼ਾ ਕਰ ਲਿਆ ਹੈ। ਦੱਸ ਦੇਈਏ ਆਸਟ੍ਰੇਲੀਆ ਨੇ ਫਾਈਨਲ ‘ਚ USA ਦੀ ਟੀਮ ਨੂੰ ਹਰਾਇਆ ਹੈ। ਜੇਕਰ ਮੈਚ ਦੀ ਗੱਲ ਕਰੀਏ ਤਾਂ ਪਹਿਲੇ ਹਾਫ਼ ਤੱਕ ਮੈਚ ਵਿੱਚ ਬਿਲਕੁੱਲ ਬਰਾਬਰੀ ਦੀ ਟੱਕਰ ਦੇਖਣ ਨੂੰ ਮਿਲ ਰਹੀ ਸੀ ਪਰ ਦੂਜੇ ਹਾਫ ‘ਚ ਆਸਟ੍ਰੇਲੀਆ ਨੇ ਸ਼ਾਨਦਾਰ ਖੇਡ ਦਿਖਾਈ ‘ਤੇ ਮੈਚ ਅਤੇ ਖਿਤਾਬ ਆਪਣੇ ਨਾਮ ਕਰ ਲਿਆ। ਇਸ ਮੁਕਾਬਲੇ ਦੇ ਬੈਸਟ ਪਲੇਅਰਾਂ ਦੀ ਜੇ ਗੱਲ ਕਰੀਏ ਤਾਂ ਜਸ਼ਨ ਆਲਮਗੀਰ ਜਿੱਥੇ ਬੈਸਟ ਰੇਡਰ ਬਣਿਆ ਹੈ ਉੱਥੇ ਹੀ ਜੋਧਾ ਸੁਰਖਪੁਰ ਅਤੇ ਅੰਮ੍ਰਿਤ ਔਲਖ ਬੈਸਟ ਜਾਫੀ ਬਣੇ ਹਨ।
ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਯਾਨੀ ਕਿ ਐਨਜ਼ੈੱਡ ਸਿੱਖ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਗਏ ਇਸ ਪਹਿਲੇ ਵਰਲਡ ਕਬੱਡੀ ਕੱਪ ‘ਚ ਅਮਰੀਕਾ, ਨਿਊਜੀਲੈਂਡ, ਆਸਟ੍ਰੇਲੀਆ, ਪਾਕਿਸਤਾਨ, ਕੈਨੇਡਾ ਅਤੇ ਇੰਡੀਆ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਉੱਥੇ ਹੀ ਭਾਰਤ ਅਤੇ ਪਾਕਿਸਤਾਨ ਦੇ ਮੁਕਾਬਲੇ ‘ਚ ਵੀ ਲੋਕਾਂ ਦਾ ਜੋਸ਼ ਦੇਖਣ ਵਾਲਾ ਸੀ। ਭਾਵੇਂ ਇਸ ਮੁਕਾਬਲੇ ਨੂੰ ਪਾਕਿਸਤਾਨ ਸੀ ਟੀਮ ਨੇ ਜਿੱਤਿਆ ਪਰ ਦਰਸ਼ਕਾਂ ਨੇ ਇਸ ਮੈਚ ਦਾ ਖੂਬ ਅਨੰਦ ਮਾਣਿਆ। ਇੰਨਾਂ ਮੈਚਾਂ ਨੂੰ ਦੇਖਣ ਲਈ ਦਰਸ਼ਕਾਂ ਦਾ ਇੱਕ ਵੱਡਾ ਇਕੱਠ ਮੈਦਾਨ ਦੇ ਆਲੇ ਦੁਆਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੁੜਿਆ ਹੋਇਆ ਸੀ।