ਇੱਕ ਵਾਰ ਫਿਰ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਵਿਸ਼ਵ ਕੱਪ 2023 ਦੇ ਫਾਈਨਲ ਮੈਚ ‘ਚ ਆਸਟ੍ਰੇਲੀਆ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਆਸਟ੍ਰੇਲੀਆ ਦੀ ਇਸ ਜਿੱਤ ਵਿੱਚ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਅਹਿਮ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਲਾਬੂਸ਼ੇਨ ਨੇ 58 ਦੌੜਾਂ ਬਣਾਈਆਂ ਹਨ। ਖ਼ਿਤਾਬੀ ਮੁਕਾਬਲੇ ‘ਚ ਆਸਟ੍ਰੇਲੀਆ ਨੇ ਸ਼ੁਰੂ ਤੋਂ ਹੀ ਭਾਰਤ ‘ਤੇ ਹਾਵੀ ਰਿਹਾ।
ਇਹ ਆਸਟ੍ਰੇਲੀਆ ਦਾ ਛੇਵਾਂ ਵਨਡੇ ਵਿਸ਼ਵ ਕੱਪ ਖਿਤਾਬ ਹੈ। ਮੈਚ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 50 ਓਵਰਾਂ ‘ਚ 240 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ। 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਨੇ ਇਹ ਮੈਚ 43 ਓਵਰਾਂ ਵਿੱਚ ਜਿੱਤ ਲਿਆ। ਪੈਟ ਕਮਿੰਸ ਦੀ ਕਪਤਾਨੀ ਵਾਲੀ ਆਸਟ੍ਰੇਲੀਆ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਸਮੇਤ ਤਿੰਨੋਂ ਵਿਭਾਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਪੰਜਵੇਂ ਨੰਬਰ ਦੇ ਮਾਰਨਸ ਲਾਬੂਸ਼ੇਨ ਦੀ ਜੋੜੀ ਨੇ ਆਸਟਰੇਲੀਆ ਨੂੰ ਜਿੱਤ ਤੱਕ ਪਹੁੰਚਾਇਆ। ਦੋਵਾਂ ਬੱਲੇਬਾਜ਼ਾਂ ਨੇ ਚੌਥੀ ਵਿਕਟ ਲਈ 192 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਦੇ ਸਾਹਮਣੇ ਸਾਰੇ ਭਾਰਤੀ ਗੇਂਦਬਾਜ਼ ਨਾਕਾਮ ਰਹੇ। ਹੈੱਡ ਨੇ ਸੈਂਕੜਾ ਜੜਿਆ ਅਤੇ ਲਾਬੂਸ਼ੇਨ ਨੇ ਅਰਧ ਸੈਂਕੜਾ ਲਗਾਇਆ। ਦੋਵਾਂ ਬੱਲੇਬਾਜ਼ਾਂ ਨੇ ਸਮਝਦਾਰੀ ਨਾਲ ਪਾਰੀ ਨੂੰ ਅੱਗੇ ਵਧਾਇਆ ਅਤੇ ਕੰਗਾਰੂ ਟੀਮ ਨੂੰ ਜਿੱਤ ਵੱਲ ਲੈ ਕੇ ਗਏ। ਹਾਲਾਂਕਿ ਟਰੇਵਿਸ ਮੈਚ ਜਿੱਤਣ ਤੋਂ ਪਹਿਲਾਂ 2 ਦੌੜਾਂ ਬਣਾ ਕੇ ਆਊਟ ਹੋ ਗਿਆ।