ਆਸਟ੍ਰੇਲੀਆ ਦੀਆਂ ਐਮਰਜੈਂਸੀ ਸੇਵਾਵਾਂ ਨੇ ਤੂਫ਼ਾਨ ਕਾਰਨ 200,000 ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਜਾਣ ਦਾ ਹੁਕਮ ਦਿੱਤਾ ਹੈ। ਪੂਰਬੀ ਤੱਟ ‘ਤੇ ਹੜ੍ਹਾਂ ਦੇ ਇੱਕ ਹਫ਼ਤੇ ਤੋਂ ਵੱਧ ਸਮੇਂ ਦੌਰਾਨ 13 ਲੋਕਾਂ ਦੀ ਮੌਤ ਤੋਂ ਬਾਅਦ ਵੀਰਵਾਰ ਨੂੰ ਤੂਫਾਨ ਸਿਡਨੀ ਵੱਲ ਵਧਿਆ ਹੈ। ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧਣ ਕਾਰਨ ਅਧਿਕਾਰੀਆਂ ਨੇ ਸਿਡਨੀ ਦੇ ਆਲੇ-ਦੁਆਲੇ ਦੇ ਉਪਨਗਰਾਂ ਸਮੇਤ, ਤੱਟ ਦੇ 400 ਕਿਲੋਮੀਟਰ (250 ਮੀਲ) ਤੱਕ ਤੇਜ਼ ਮੀਂਹ ਅਤੇ ਹਵਾ ਦੀ ਚੇਤਾਵਨੀ ਜਾਰੀ ਕੀਤੀ ਹੈ। ਸਿਡਨੀ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੰਜ ਮਿਲੀਅਨ ਲੋਕਾਂ ਦਾ ਘਰ ਹੈ।
ਤੂਫਾਨ ਪੂਰਬੀ ਤੱਟ ਦੇ ਨਾਲ ਕੁਈਨਜ਼ਲੈਂਡ ਤੋਂ ਨਿਊ ਸਾਊਥ ਵੇਲਜ਼ ਤੱਕ ਦੱਖਣ ਵੱਲ ਵਧਿਆ ਹੈ। ਦਰਿਆਵਾਂ ਦੇ ਕੰਢਿਆਂ ਅਤੇ ਜਲ ਭੰਡਾਰਾਂ ਦੇ ਕਿਨਾਰਿਆਂ ਦੇ ਟੁੱਟਣ ਕਾਰਨ ਤਬਾਹੀ ਮੱਚੀ ਹੋਈ ਹੈ ਅਤੇ ਘਰਾਂ ਦੀਆਂ ਛੱਤਾਂ ਉੱਡ ਗਈਆਂ ਨੇ। ਅਧਿਕਾਰੀਆਂ ਨੇ 200,000 ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਚੇਤਾਵਨੀ ਦਿੱਤੀ ਹੈ ਕਿ ਹੋਰ 300,000 ਜਲਦੀ ਹੀ ਉਨ੍ਹਾਂ ਨਾਲ ਜੁੜ ਸਕਦੇ ਹਨ।