2023 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ‘ਚ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਇੱਕ ਵਾਰ ਫਿਰ ਦੱਖਣੀ ਅਫ਼ਰੀਕਾ ਦੀ ਟੀਮ ਚੋਕਰ ਸਾਬਤ ਹੋਈ। ਗੇਂਦਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਆਸਟਰੇਲੀਆ ਨੇ 47.2 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 213 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਲਿਆ। ਆਸਟ੍ਰੇਲੀਆਈ ਟੀਮ 8ਵੀਂ ਵਾਰ ਵਨਡੇ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ ਹੈ। ਹੁਣ 19 ਨਵੰਬਰ ਨੂੰ ਫਾਈਨਲ ਵਿੱਚ ਕੰਗਾਰੂਆਂ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਖ਼ਿਤਾਬੀ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
213 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆਈ ਟੀਮ ਨੂੰ ਡੇਵਿਡ ਵਾਰਨਰ ਅਤੇ ਟ੍ਰੈਵਿਸ ਹੈੱਡ ਨੇ ਤੂਫਾਨੀ ਸ਼ੁਰੂਆਤ ਦਿੱਤੀ। ਟ੍ਰੈਵਿਸ ਹੈੱਡ ਨੇ ਸਿਰਫ 48 ਗੇਂਦਾਂ ‘ਤੇ 62 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹੈੱਡ ਨੇ ਆਪਣੀ ਪਾਰੀ ‘ਚ 9 ਚੌਕੇ ਅਤੇ 2 ਛੱਕੇ ਲਗਾਏ। ਵਾਰਨਰ ਨੇ ਵੀ 18 ਗੇਂਦਾਂ ‘ਚ ਇਕ ਚੌਕੇ ਤੇ ਚਾਰ ਛੱਕਿਆਂ ਦੀ ਮਦਦ ਨਾਲ 29 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਦੋਵਾਂ ਨੇ ਸਿਰਫ 38 ਗੇਂਦਾਂ ‘ਚ 60 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕਰਕੇ ਆਸਟ੍ਰੇਲੀਆ ਲਈ ਦੌੜਾਂ ਦਾ ਪਿੱਛਾ ਆਸਾਨ ਕਰ ਦਿੱਤਾ। ਹਾਲਾਂਕਿ, ਆਸਟ੍ਰੇਲੀਆਈ ਪਾਰੀ ਵਿਚਕਾਰ ਹੀ ਫਿੱਕੀ ਪੈ ਗਈ ਅਤੇ ਅਜਿਹਾ ਲੱਗ ਰਿਹਾ ਸੀ ਕਿ ਦੱਖਣੀ ਅਫ਼ਰੀਕਾ ਦੀ ਟੀਮ ਮੈਚ ਪਲਟ ਦੇਵੇਗੀ। ਪਰ ਅੰਤ ਵਿੱਚ ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਸਟਾਰਕ 38 ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਕਮਿੰਸ 29 ਗੇਂਦਾਂ ਵਿੱਚ 14 ਦੌੜਾਂ ਬਣਾ ਕੇ ਨਾਬਾਦ ਪਰਤੇ।