ਆਸਟਰੇਲੀਆ ਕ੍ਰਿਕਟ ਟੀਮ ਨੇ ਇੱਥੇ ਹੋਲਕਰ ਸਟੇਡੀਅਮ ਵਿੱਚ ਖੇਡੇ ਗਏ ਤੀਜੇ ਟੈਸਟ ਮੈਚ ਵਿੱਚ ਮੇਜ਼ਬਾਨ ਭਾਰਤ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ ਹੈ। ਜਿੱਤ ਲਈ ਆਸਟ੍ਰੇਲੀਆਈ ਟੀਮ ਨੇ 76 ਦੌੜਾਂ ਬਣਾਉਣੀਆਂ ਸਨ, ਜੋ ਉਸ ਨੇ ਸ਼ੁੱਕਰਵਾਰ ਨੂੰ ਮੈਚ ਦੇ ਤੀਜੇ ਦਿਨ ਪਹਿਲੇ ਸੈਸ਼ਨ ‘ਚ ਸਿਰਫ ਇੱਕ ਵਿਕਟ ਗੁਆ ਕੇ ਬਣਾ ਲਈਆਂ। ਇਸ ਦੇ ਨਾਲ ਹੀ ਆਸਟ੍ਰੇਲੀਆ ਨੇ ਸੀਰੀਜ਼ ਬਚਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਿੰਦਾ ਰੱਖਿਆ ਹੈ। ਭਾਰਤ ਨੇ ਪਹਿਲੇ ਦੋ ਮੈਚ ਜਿੱਤ ਕੇ ਬਾਰਡਰ-ਗਾਵਸਕਰ ਟਰਾਫੀ ਆਪਣੇ ਕੋਲ ਰੱਖੀ ਹੈ। ਜੇਕਰ ਆਸਟ੍ਰੇਲੀਆ ਤੀਜਾ ਟੈਸਟ ਮੈਚ ਵੀ ਹਾਰ ਜਾਂਦਾ ਤਾਂ ਸੀਰੀਜ਼ ਵੀ ਹਾਰ ਜਾਂਦੀ ਪਰ ਹੁਣ ਉਸ ਕੋਲ ਸੀਰੀਜ਼ ਵਿਚ ਬਰਾਬਰੀ ਕਰਨ ਦਾ ਮੌਕਾ ਹੈ।
ਭਾਰਤ ਇਸ ਸਮੇਂ ਸੀਰੀਜ਼ ‘ਚ 2-1 ਨਾਲ ਅੱਗੇ ਹੈ। ਚੌਥਾ ਟੈਸਟ ਮੈਚ ਅਹਿਮਦਾਬਾਦ ‘ਚ ਖੇਡਿਆ ਜਾਣਾ ਹੈ ਅਤੇ ਜੇਕਰ ਆਸਟ੍ਰੇਲੀਆ ਇਹ ਮੈਚ ਜਿੱਤ ਜਾਂਦਾ ਹੈ ਤਾਂ ਸੀਰੀਜ਼ 2-2 ਨਾਲ ਬਰਾਬਰ ਹੋ ਜਾਵੇਗੀ। ਤੀਜੇ ਟੈਸਟ ਮੈਚ ਵਿੱਚ ਭਾਰਤ ਆਪਣੇ ਹੀ ਜਾਲ ਵਿੱਚ ਫਸ ਗਿਆ। ਉਸ ਨੇ ਇਸ ਮੈਚ ਲਈ ਸਪਿਨਰ-ਅਨੁਕੂਲ ਪਿੱਚ ਬਣਾਈ ਜਿਸ ਵਿਚ ਆਸਟ੍ਰੇਲੀਆ ਦੇ ਸਪਿਨਰਾਂ ਖਾਸ ਕਰਕੇ ਨਾਥਨ ਲਿਓਨ ਨੇ ਭਾਰਤ ਦੇ ਬੱਲੇਬਾਜ਼ਾਂ ਨੂੰ ਫਸਾਇਆ।