ਨਿਊਜ਼ੀਲੈਂਡ ਦਾ ਦੱਖਣੀ ਆਕਲੈਂਡ ਇਸ ਸਮੇਂ ਅੱਜ ਸਵੇਰੇ ਆਏ ਤੂਫ਼ਾਨੀ ਝੱਖੜ ਦੀ ਮਾਰ ਝੱਲ ਰਿਹਾ ਹੈ, ਸਵੇਰੇ ਆਏ ਤੂਫ਼ਾਨੀ ਝੱਖੜ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਸ ਤੂਫ਼ਾਨ ਕਾਰਨ ਪ੍ਰਭਾਵਿਤ ਹੋਏ ਹਨ। ਅਜਿਹੇ ‘ਚ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਅੱਗੇ ਆਉਣ ਵਾਲੀ ਸਿੱਖ ਕੌਮ ਨੇ ਇੱਕ ਵਾਰ ਫਿਰ ਤੋਂ ਆਪਣਾ ਫਰਜ਼ ਨਿਭਾਇਆ ਹੈ। ਪੀੜਤਾਂ ਦੀ ਮਦਦ ਲਈ ਟਾਕਾਨੀਨੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਇੱਕ ਟੀਮ ਦੱਖਣੀ ਆਕਲੈਂਡ ਦੇ ਪ੍ਰਭਾਵਿਤ ਇਲਾਕੇ ਵਿੱਚ ਪਹੁੰਚੀ ਹੋਈ ਹੈ।
ਟਾਕਾਨੀਨੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋ ਪੀੜਤ ਲੋਕਾਂ ਲਈ ਲੰਗਰ ਅਤੇ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਟੀਮ ਵੱਲੋਂ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਟਾਕਾਨੀਨੀ ਗੁਰਦੁਆਰਾ ਸਾਹਿਬ ਵੱਲੋ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ‘ਸਾਡੀ ਟੀਮ Papatoetoe ਖੇਤਰ ਵਿੱਚ ਉਨ੍ਹਾਂ ਲੋਕਾਂ ਲਈ ਭੋਜਨ ਦੀ ਸੇਵਾ ਕਰੇਗੀ ਜੋ ਤੂਫਾਨ ਕਾਰਨ ਪ੍ਰਭਾਵਿਤਹੋਏ ਹਨ। ਸਭ ਤੋਂ ਪਹਿਲਾਂ ਅਸੀਂ ਚਾਹ, ਚੌਲ, ਰੋਟੀ, ਦਾਲ, ਸਬਜੀ, ਜੂਸ ਅਤੇ ਪਾਣੀ ਦੀਆਂ ਬੋਤਲਾਂ ਦੀ ਸੇਵਾ ਕਰਾਂਗੇ।” ਇਸ ਦੇ ਨਾਲ ਹੀ ਕਿਹਾ ਗਿਆ ਕਿ ਜੇ ਤੁਹਾਨੂੰ, ਤੁਹਾਡੇ ਪਰਿਵਾਰ ਜਾਂ ਕਿਸੇ ਵੀ ਵਿਅਕਤੀ ਨੂੰ ਕਿਸੇ ਸਹਾਇਤਾ ਦੀ ਲੋੜ ਹੈ, ਤਾਂ ਸਾਨੂ ਸੰਪਰਕ ਕਰੋ।”
ਦੱਖਣੀ ਆਕਲੈਂਡ ਦੇ ਵਿੱਚ ਅੱਜ ਸਵੇਰੇ ਆਏ ਤੂਫ਼ਾਨੀ ਝੱਖੜ ਨੇ ਸਮੁੱਚੀ ਮਨੁੱਖੀ ਜ਼ਿੰਦਗੀ ਨੂੰ ਇੱਕ ਵਾਰ ਲੀਹੋਂ ਲਾਹ ਸੁੱਟਿਆ। ਤੇਜ਼ ਹਨੇਰੀ ਨੇ ਬੱਤੀ ਗੁੱਲ ਕਰ ਦਿੱਤੀ ਅਤੇ ਸੈਂਕੜੇ ਦਰੱਖਤਾਂ ਨੂੰ ਜੜ੍ਹ ਤੋਂ ਪੱਟ ਕੇ ਧਰਤੀ ਕੇ ਸੁੱਟ ਦਿੱਤਾ। ਉੱਥੇ ਹੀ ਦਰਖਤਾਂ ਦੇ ਡਿੱਗਣ ਕਰਕੇ ਕਈ ਸੜਕਾਂ ਬੰਦ ਹੋ ਗਈਆਂ ਤੇ ਸਫ਼ਰ ਕਰਨ ਵਾਲੇ ਰਾਹਗ਼ੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਟੋਰਨੇਡੋ ਦੇ ਕਾਰਨ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਸਾਫ ਦਿਖਾਈ ਦੇ ਰਿਹਾ ਹੈ।
ਇਸ ਤੂਫ਼ਾਨ ਦੌਰਾਨ ਇੱਕਲੇ ਦਰਖਤ ਹੀ ਨਹੀਂ ਸਗੋਂ ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ ਅਤੇ ਬਿਜਲੀ ਦੀਆਂ ਲਾਈਨਾਂ ਵੀ ਧਰਤੀ ‘ਤੇ ਆ ਗਈਆਂ ਹਨ। ਇਸ ਤੋਂ ਇਲਾਵਾ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਟਰੱਕ ਵੀ ਪਲਟਿਆ ਹੋਇਆ ਨਜ਼ਰ ਆ ਰਿਹਾ ਹੈ। ਉਸਾਰੀ ਅਧੀਨ ਇੱਕ ਘਰ ਤਬਾਹ ਹੋ ਗਿਆ ਹੈ ਅਤੇ ਮਕਾਨਾਂ ਦੀਆਂ ਛੱਤਾਂ ਵੀ ਇਸ ਤੂਫ਼ਾਨ ਨੇ ਉਡਾ ਦਿੱਤੀਆਂ ਹਨ। ਹਵਾ ਦਾ ਜ਼ੋਰ ਇੰਨਾ ਜ਼ਬਰਦਸਤ ਸੀ ਕਿ ਉਸਨੇ ਲੋਹੇ ਦੀ ਵਾੜ ਨੂੰ ਵੀ ਮਰੋੜ ਦਿੱਤਾ। ਤੂਫ਼ਾਨੀ ਝੱਖੜ ਕਾਰਨ ਕਿੰਨਾ ਨੁਕਸਾਨ ਹੋਇਆ ਅਜੇ ਇਸ ਸਬੰਧੀ ਕੋਈ ਹਿਸਾਬ ਕਿਤਾਬ ਨਹੀਂ ਹੈ। ਇਸ ਦੇ ਨਾਲ ਕੁੱਝ ਮੀਡੀਆ ਰਿਪੋਰਟਾਂ ਦੇ ਅਨੁਸਾਰ ਇੱਥੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ ਜਦਕਿ 2 ਵਿਅਕਤੀ ਗੰਭੀਰ ਜਖਮੀ ਦੱਸੇ ਜਾ ਰਹੇ ਹਨ।