ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ ਰਾਤ ਨੂੰ ਆਕਲੈਂਡ ਦੇ ਆਸਪਾਸ ਵਾਪਰੀਆਂ ਗੋਲੀਬਾਰੀ ਦੀਆਂ ਕਈ ਘਟਨਾਵਾਂ ਦੇ ਬਾਅਦ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਪੁਲਿਸ ਅਨੁਸਾਰ ਇਹ ਘਟਨਾਵਾਂ ਓਟਾਰਾ, ਪਾਪਾਟੋਏਟੋਏ, ਫਲੈਟ ਬੁਸ਼, ਪਾਪਾਕੁਰਾ ਅਤੇ ਟੇ ਅਟਾਟੂ ਵਿੱਚ ਵਾਪਰੀਆਂ ਸਨ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਪਹਿਲੀਆਂ ਚਾਰ ਘਟਨਾਵਾਂ ਸ਼ਾਮ 6:40 ਵਜੇ ਤੋਂ ਸ਼ਾਮ 7:40 ਵਜੇ ਦੇ ਵਿਚਕਾਰ ਵਾਪਰੀਆਂ ਸਨ। ਜਦਕਿ ਟੇ ਅਟਾਟੂ ਵਿੱਚ ਅੰਤਿਮ ਘਟਨਾ ਰਾਤ 9:20 ਵਜੇ ਦੇ ਕਰੀਬ ਵਾਪਰੀ ਦੱਸੀ ਗਈ ਸੀ।”
ਗਨੀਮਤ ਰਹੀ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ, ਹਾਲਾਂਕਿ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਹ ਪਤਾ ਲਗਾਉਣ ਲਈ ਕੰਮ ਜਾਰੀ ਹੈ ਕਿ ਕੀ ਵਾਪਰਿਆ ਹੈ ਅਤੇ ਘਟਨਾਵਾਂ ਦੇ ਆਪਸ ਵਿੱਚ ਕੋਈ ਸੰਭਾਵੀ ਸਬੰਧ ਹਨ ਜਾਂ ਨਹੀਂ। ਪੁਲਿਸ ਦਾ ਕਹਿਣਾ ਹੈ ਕਿ ਰਾਤੋ ਰਾਤ ਵਾਪਰੀਆਂ ਘਟਨਾਵਾਂ ਬਾਰੇ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਜਾਵੇਗੀ ਕਿਉਂਕਿ ਅਜੇ ਜਾਂਚ ਜਾਰੀ ਹੈ।