ਆਕਲੈਂਡ ਦੇ ਇੱਕ ਸ਼ਰਾਬ ਸਟੋਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਅਤੇ ਸਟੋਰ ਕਰਮਚਾਰੀ ਨੂੰ ਗੰਭੀਰ ਰੂਪ ਵਿੱਚ ਜਖਮੀ ਕਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਦੇ ਅਨੁਸਾਰ ਆਕਲੈਂਡ ਦੇ ਇੱਕ ਸ਼ਰਾਬ ਸਟੋਰ ਦੇ ਇੱਕ ਕਰਮਚਾਰੀ ਨੂੰ ਬੀਤੀ ਰਾਤ ਹੋਈ ਲੁੱਟ ਤੋਂ ਬਾਅਦ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਇਸ ਮਾਮਲੇ ਸਬੰਧੀ ਇੱਕ ਆਦਮੀ ਅਤੇ ਇੱਕ ਔਰਤ ਦੀ ਭਾਲ ਕਰ ਰਹੀ ਹੈ। ਦਰਅਸਲ ਪੁਲਿਸ ਅਨੁਸਾਰ ਦੋ ਕਥਿਤ ਅਪਰਾਧੀ, ਇੱਕ ਮਰਦ ਅਤੇ ਇੱਕ ਔਰਤ, ਸ਼ਾਮ 7 ਵਜੇ ਤੋਂ ਤੁਰੰਤ ਬਾਅਦ ਕਵੀਨ ਸਟ੍ਰੀਟ ਉੱਤੇ ਇੱਕ ਸ਼ਰਾਬ ਦੀ ਦੁਕਾਨ ਵਿੱਚ ਦਾਖਲ ਹੋਏ।
ਪੁਲਿਸ ਨੇ ਦੱਸਿਆ, “ਸਟੋਰ ਦੇ ਇੱਕ ਕਰਮਚਾਰੀ ‘ਤੇ ਇੱਕ ਹਥਿਆਰ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਅਪਰਾਧੀਆਂ ਨਾਲ ਝਗੜੇ ਦੌਰਾਨ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।” ਹਾਲਾਂਕਿ ਪੀੜਤ ਇਸ ਸਮੇਂ ਹਸਪਤਾਲ ਵਿੱਚ ਸਥਿਰ ਹਾਲਤ ਵਿੱਚ ਹੈ। ਪੀੜਤ ਲਈ ਇਹ ਦੁਖਦਾਈ ਘਟਨਾ ਸੀ, ਜਿਸ ਨੂੰ ਇਸ ਸਮੇ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਪੁਲਿਸ ਨੇ ਜਾਂਚ ਦੇ ਹਿੱਸੇ ਵਜੋਂ ਦੋ ਲੋਕਾਂ ਦੀ ਸੀਸੀਟੀਵੀ ਤਸਵੀਰ ਵੀ ਜਾਰੀ ਕੀਤੀ ਹੈ। ਆਕਲੈਂਡ ਸਿਟੀ ਪੁਲਿਸ ਨੇ ਆਮ ਲੋਕਾਂ ਨੂੰ ਵੀ ਕਥਿਤ ਦੋਸ਼ੀਆਂ ਦੀ ਜਾਣਕਰੀ ਗੁਪਤ ਤੌਰ ‘ਤੇ ਸੰਪਰਕ ਕਰ ਦੇਣ ਦੀ ਅਪੀਲ ਕੀਤੀ ਹੈ।