ਬੀਤੀ ਰਾਤ ਹਥਿਆਰਬੰਦ ਲੁਟੇਰਿਆਂ ਦੀ ਤਿਕੜੀ ਵੱਲੋਂ ਬੇਰਹਿਮੀ ਨਾਲ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਦੌਰਾਨ ਆਕਲੈਂਡ ਦੇ ਇੱਕ ਸ਼ਰਾਬ ਸਟੋਰ ਦੇ ਇੱਕ ਕਰਮਚਾਰੀ ਨੂੰ ਸਿਰ ਵਿੱਚ ਲੱਤ ਵੀ ਮਾਰੀ ਗਈ ਸੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ। ਤਿੰਨ ਲੁਟੇਰੇ ਸ਼ਾਮ 6 ਵਜੇ ਦੇ ਕਰੀਬ ਗ੍ਰੇ ਲਿਨ ਸਟੋਰ ਵਿੱਚ ਦਾਖਲ ਹੋਏ ਸੀ। ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਸਮੂਹ ਦੇ ਇੱਕ ਮੈਂਬਰ ਨੂੰ ਸਭ ਤੋਂ ਪਹਿਲਾ ਹਥੌੜੇ ਨਾਲ ਸਟੋਰ ਵਿੱਚ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ, ਜਦਕਿ ਦੂਜੇ ਕੋਲ ਬੇਸਬਾਲ ਬੈਟ ਹੈ। ਗਰੁੱਪ ਨੂੰ ਸਟੋਰ ਦੇ ਸਟਾਫ਼ ਨੂੰ ਆਪਣੇ ਹਥਿਆਰਾਂ ਨਾਲ ਧਮਕਾਉਂਦੇ ਦੇਖਿਆ ਜਾ ਸਕਦਾ ਹੈ, ਇਸੇ ਦੌਰਾਨ ਇੱਕ ਲੁਟੇਰਾ ਕਾਉੰਟਰ ‘ਤੇ ਚੜ੍ਹ ਕਿ ਇੱਕ ਸਟਾਫ ਮੈਂਬਰ ਦੇ ਸਿਰ ਵਿੱਚ ਲੱਤ ਮਾਰਦਾ ਦਿਖਾਈ ਦਿੰਦਾ ਹੈ। ਜਾਣਕਾਰੀ ਅਨੁਸਾਰ ਕੁੱਲ 6 ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਲੁੱਟ-ਖੋਹ ਦੇ ਝਟਕੇ ਦੇ ਨਾਲ-ਨਾਲ, ਕਾਰੋਬਾਰ ਨੂੰ ਵੀ ਵਿੱਤੀ ਨੁਕਸਾਨ ਹੋਇਆ ਹੈ, ਜਿਸ ਵਿੱਚ $ 9000 ਤੋਂ $ 10,000 ਦੀ ਕੀਮਤ ਦੀ ਸ਼ਰਾਬ, ਤੰਬਾਕੂ ਅਤੇ ਅਹਾਤੇ ਵਿੱਚੋਂ ਨਕਦੀ ਚੋਰੀ ਹੋ ਗਈ ਹੈ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਸਟੋਰ ਦੇ ਕਿਸੇ ਵੀ ਸਟਾਫ ਮੈਂਬਰ ਨੂੰ ਗੰਭੀਰ ਸੱਟ ਨਹੀਂ ਲੱਗੀ, ਪਰ ਇਸ ਘਟਨਾ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਵਾਧੂ ਸੁਰੱਖਿਆ ਉਪਾਵਾਂ ‘ਤੇ ਵਿਚਾਰ ਕੀਤਾ ਗਿਆ ਹੈ।