ਕ੍ਰਿਸਮਸ ਤੋਂ ਪਹਿਲਾ ਆਕਲੈਂਡ ਦੇ ਇੱਕ ਪਰਿਵਾਰ ਨਾਲ ਵੱਡੀ ਘਟਨਾ ਵਾਪਰੀ ਹੈ। ਦਰਅਸਲ ਆਕਲੈਂਡ ‘ਚ $3 ਮਿਲੀਅਨ ਦੀ ਕੀਮਤ ਵਾਲਾ ਘਰ ਇੱਕੋ ਝਟਕੇ ‘ਚ ਸੜ ਕੇ ਸੁਆਹ ਹੋ ਗਿਆ। Rothesay Bay ਦੇ ਬੀਚਵੁੱਡ ਐਵੇਨਿਊ ‘ਤੇ 4.15pm ਦੇ ਕਰੀਬ ਇਹ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਡਿਸ਼ਵਾਸ਼ਰ ਨੂੰ ਅੱਗ ਲੱਗਣ ਕਾਰਨ ਪੂਰਾ ਘਰ ਹੀ ਅੱਗ ਦੀ ਲਪੇਟ ‘ਚ ਆ ਗਿਆ ਸੀ। ਘਰ ਦੇ ਮਾਲਕ ਨੇ ਆਪਣਾ ਨਾਮ ਦੱਸੇ ਬਿਨਾ ਕਿਹਾ ਕਿ ਉਨ੍ਹਾਂ ਦੇ ਦੋ ਬੱਚੇ ਉਸ ਸਮੇਂ ਬਾਹਰ ਖੇਡ ਰਹੇ ਸਨ, ਜਦੋਂ ਉਹ ਆਪਣੇ ਸਭ ਤੋਂ ਛੋਟੇ ਬੇਟੇ ਨਾਲ ਲਾਉਂਜ ਵਿੱਚ ਸੀ। ਫਿਰ ਜਦੋਂ ਉਹ ਰਸੋਈ ਵਿੱਚ ਗਏ ਤਾਂ ਉਨ੍ਹਾਂ ਨੇ “ਡਿਸ਼ਵਾਸ਼ਰ ਵਿੱਚੋਂ ਧੂੰਆਂ ਨਿਕਲਦਾ” ਦੇਖਿਆ। ਉਨ੍ਹਾਂ ਜਦੋਂ ਜਾਂਚ ਕਰਨ ਲਈ ਡਿਸ਼ਵਾਸ਼ਰ ਖੋਲ੍ਹਿਆ ਅਤੇ ਹੇਠਾਂ ਵਾਲੀ ਟਰੇ ਨੂੰ ਬਾਹਰ ਕੱਢਿਆ ਤਾਂ ਡਿਸ਼ਵਾਸ਼ਰ ਦੇ ਹੇਠਾਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸੀ।
ਉਨ੍ਹਾਂ ਨੇ ਪਾਣੀ ਦੇ ਜੱਗ ਸੁੱਟਣੇ ਸ਼ੁਰੂ ਕਰ ਦਿੱਤੇ ਪਰ ਅੱਗ ਵੱਧਦੀ ਗਈ ਤੇ ਦੇਖਦੇ ਦੇਖਦੇ ਪੂਰਾ ਘਰ ਅੱਗ ਦੀ ਲਪੇਟ ‘ਚ ਆ ਗਿਆ। ਉਨ੍ਹਾਂ ਨੇ ਕਿਹਾ ਕਿ ਅੱਗ ਪੂਰੇ ਪਰਿਵਾਰ ਲਈ ਇੱਕ ਵੱਡਾ ਸਦਮਾ ਸੀ। ਕਿਉਂਕ ਇਸ ਦੌਰਾਨ ਉਨ੍ਹਾਂ ਦਾ ਕਾਫ਼ੀ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਸੀ।