ਆਕਲੈਂਡ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ ਇੱਕ ਪਿਓ ਨੇ ਆਪਣੀ ਹੀ ਧੀ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਕਬੂਲੇ ਹਨ। ਰੋਜ਼ਹਿੱਲ ਦੇ 53 ਸਾਲਾ ਵਿਅਕਤੀ ‘ਤੇ ਦੋਸ਼ ਲੱਗੇ ਸਨ ਕਿ ਉਸਨੇ ਆਪਣੀ ਧੀ ਦਾ ਗਲਾ ਕੱਟ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇੰਨ੍ਹਾਂ ਦੋਸ਼ਾਂ ਦੀ ਪੁਸ਼ਟੀ ਓਦੋਂ ਹੋ ਗਈ ਜਦੋਂ ਵਿਅਕਤੀ ਨੇ ਆਕਲੈਂਡ ਹਾਈ ਕੋਰਟ ਵਿੱਚ ਇਹ ਦੋਸ਼ ਕਬੂਲੇ। ਦਰਅਸਲ ਵਿਅਕਤੀ ਨੂੰ ਜਦੋਂ ਪਤਾ ਲੱਗਾ ਕਿ ਉਸਦੀ ਧੀ ਉਸਦੀ ਆਪਣੀ ਨਹੀਂ, ਬਲਕਿ ਉਸਦੀ ਘਰਵਾਲੀ ਦੇ ਕਿਸੇ ਹੋਰ ਨਾਲ ਸਬੰਧਾਂ ਦਾ ਨਤੀਜਾ ਹੈ ਤਾਂ ਇਸੇ ਕਾਰਨ ਗੁੱਸੇ ‘ਚ ਆ ਉਸਨੇ ਬੱਚੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਵਿਅਕਤੀ ਨੇ ਦਸੰਬਰ 2022 ਦੀ ਇੱਕ ਰਾਤ ਸ਼ਰਾਬ ਦੇ ਨਸ਼ੇ ਵਿੱਚ ਬੱਚੀ ਨੂੰ ਬੈਸਮੈਂਟ ਵਿੱਚ ਲੈ ਜਾਕੇ ਤੇਜਧਾਰ ਛੁਰੇ ਨਾਲ ਉਸਦੇ ਗਲ਼ ‘ਤੇ ਹਮਲੇ ਕੀਤੇ ਪਰ ਬੱਚੀ ਦੀਆਂ ਚੀਕਾਂ ਘਰ ਵਿੱਚ ਮੌਜੂਦ ਵਿਅਕਤੀ ਦੇ 2 ਪੁੱਤਰਾਂ ਨੇ ਸੁਣ ਲਈਆਂ ਤੇ ਉਨ੍ਹਾਂ ਨੇ ਬੱਚੀ ਨੂੰ ਬਚਾ ਲਿਆ। ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਤੇ ਅਗਵਾਹ ਕਰਨ ਦੇ ਦੋਸ਼ਾਂ ਹੇਠ ਵੱਧ ਤੋਂ ਵੱਧ 14 ਸਾਲਾਂ ਦੀ ਸਜਾ ਹੋ ਸਕਦੀ ਹੈ।