ਨਿਊਜ਼ੀਲੈਂਡ ‘ਚ ਅੱਜ ਲੋਟੋ ਟਿਕਟ ਦੇ ਨਤੀਜ਼ਿਆਂ ਤੋਂ ਬਾਅਦ ਇੱਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਿਆ ਹੈ, ਦਰਅਸਲ ਆਕਲੈਂਡ ਦੇ ਇੱਕ ਨੌਜਵਾਨ ਜੋੜੇ ਨੇ ਅੱਜ ਲੋਟੋ ਟਿਕਟ ਜ਼ਰੀਏ $4.25 ਮਿਲੀਅਨ ਡਾਲਰ ਜਿੱਤੇ ਹਨ ਤੇ ਇਸ ਜਿੱਤ ਮਗਰੋਂ ਉਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਵਗਣੇ ਸ਼ੁਰੂ ਹੋ ਗਏ। ਇੰਨ੍ਹਾਂ ਹੀ ਨਹੀਂ ਵਿਅਕਤੀ ਨੇ ਸ਼ਨੀਵਾਰ ਰਾਤ ਨੂੰ ਆਖਰੀ ਮਿੰਟਾਂ ‘ਤੇ ਆਨਲਾਈਨ ਟਿਕਟ ਖਰੀਦੀ ਸੀ। ਬਾਅਦ ਵਿੱਚ ਉਸੇ ਰਾਤ ਨੂੰ ਉਸ ਵਿਅਕਤੀ ਨੂੰ ਲੋਟੋ NZ ਤੋਂ ਇੱਕ ਈਮੇਲ ਮਿਲੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਇੱਕ ਇਨਾਮ ਜਿੱਤਿਆ ਹੈ। ਇਸ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ “ਮੈਂ ਆਪਣੀ ਪਤਨੀ ਨੂੰ ਈਮੇਲ ਦਾ ਇੱਕ ਸਕ੍ਰੀਨਸ਼ੌਟ ਭੇਜਿਆ ਅਤੇ ਉਸਨੂੰ ਕਿਹਾ ਕਿ ਮੈਂ ਉਦੋਂ ਤੱਕ ਲੌਗਇਨ ਨਹੀਂ ਕਰਾਂਗਾ ਜਦੋਂ ਤੱਕ ਉਹ ਸਵੇਰੇ ਘਰ ਨਹੀਂ ਪਹੁੰਚ ਜਾਂਦੀ।”
ਅਗਲੀ ਸਵੇਰ ਜਦੋ ਜੋੜੇ ਨੇ ਨਾਸ਼ਤਾ ਕਰਨ ਸਮੇਂ ਆਪਣੀ ਟਿਕਟ ਚੈੱਕ ਕਰਨੀ ਸ਼ੁਰੂ ਕੀਤੀ ਤਾਂ ਉਹ ਇਹ ਸੋਚ ਰਹੇ ਸੀ ਕਿ ਉਹਨਾਂ ਨੇ ਇੱਕ ਛੋਟਾ ਜਿਹਾ ਇਨਾਮ ਜਿੱਤ ਲਿਆ ਹੈ। ਔਰਤ ਨੇ ਕਿਹਾ ਕਿ, “ਅਸੀਂ ਸਿਰਫ਼ ਨੰਬਰਾਂ ਦਾ ਚੱਕਰ ਦੇਖਦੇ ਰਹੇ ਅਤੇ ਫਿਰ ਜੇਤੂ ਸੰਗੀਤ ਵੱਜਿਆ- ਜਦੋਂ ਅਸੀਂ ਟਿਕਟ ਦੇ ਸਿਖਰ ‘ਤੇ $4,250,000 ਦੀ ਮੋਹਰ ਦੇਖੀ ਤਾਂ ਅਸੀਂ ਹੈਰਾਨ ਰਹਿ ਗਏ – ਅਸੀਂ ਇੰਨੇ ਉਤਸ਼ਾਹਿਤ ਅਤੇ ਪ੍ਰਭਾਵਿਤ ਹੋਏ ਕਿ ਅਸੀਂ ਦੋਵੇਂ ਰੋਣ ਲੱਗ ਪਏ।” ਜੋੜੇ ਨੇ ਆਪਣੀ ਪਹਿਚਾਣ ਗੁਪਤ ਰੱਖਦਿਆਂ ਕਿਹਾ ਕਿ ਉਨ੍ਹਾਂ ਇਸ ਜਿੱਤ ਮਗਰੋਂ ਕਈ ਵੱਡੀਆਂ ਯੋਜਨਾਵਾਂ ਬਣਾਈਆਂ ਹਨ।
ਉਨ੍ਹਾਂ ਕਿਹਾ ਕਿ “ਅਸੀਂ ਆਪਣਾ ਪਹਿਲਾ ਘਰ ਖਰੀਦਣ, ਯਾਤਰਾ ‘ਤੇ ਜਾਣਾ ਅਤੇ ਆਪਣੇ ਪਰਿਵਾਰਾਂ ਦੀ ਮਦਦ ਕਰਨਾ ਪਸੰਦ ਕਰਾਂਗੇ। ਸਭ ਕੁਝ ਛਾਂਟਣ ਤੋਂ ਬਾਅਦ, ਅਸੀਂ ਕਿਸੇ ਆਊਟਰੀਚ ਕੰਮ ਵਿੱਚ ਸ਼ਾਮਿਲ ਹੋਣਾ ਚਾਹਾਂਗੇ। ਅਸੀਂ ਇਹ ਇਨਾਮ ਜਿੱਤਣ ਲਈ ਬਹੁਤ ਖੁਸ਼ਕਿਸਮਤ ਮਹਿਸੂਸ ਕਰਦੇ ਹਾਂ ਅਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਦੂਜਿਆਂ ਨੂੰ ਵੀ ਇਸ ਦਾ ਫਾਇਦਾ ਹੁੰਦਾ ਹੈ।”