ਮੋਬਾਈਲ ਫੋਨ ਦੀ ਵਰਤੋਂ ਨਾਲ ਸਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਚੀਜ਼ਾਂ ਭਾਵੇਂ ਆਸਾਨ ਹੋ ਗਈਆਂ ਹਨ ਪਰ ਮੋਬਾਈਲ ਫ਼ੋਨ ਦੀ ਜ਼ਿਆਦਾ ਵਰਤੋਂ ਸਾਡੇ ਲਈ ਖ਼ਤਰਨਾਕ ਬਣ ਰਹੀ ਹੈ। ਮੋਬਾਈਲ ਫੋਨ ਦੀ ਲਤ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਵੀ ਕਾਫੀ ਹੱਦ ਤੱਕ ਦਖਲ ਦੇਣ ਲੱਗਦੀ ਹੈ। ਮੋਬਾਈਲ ਫੋਨ ਦੀ ਲਤ ਨਾਲ ਜੁੜਿਆ ਇੱਕ ਅਜਿਹਾ ਹੈਰਾਨੀਜਨਕ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਦਰਅਸਲ ਫੋਨ ਕਾਰਨ ਪਤੀ ਪਤਨੀ ਨੇ 15 ਸਾਲਾਂ ਦੇ ਲੰਬੇ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਹੈ। 2 ਬੱਚਿਆਂ ਦੇ ਨਾਲ ਹੱਸਦੇ-ਵੱਸਦੇ ਪਰਿਵਾਰ ਨੂੰ ਬਚਾਉਣ ਲਈ ਪਤਨੀ ਨੇ ਕਾਫੀ ਕੋਸ਼ਿਸ਼ਾਂ ਵੀ ਕੀਤੀਆਂ ਤੇ ਅਖੀਰਲੀ ਵਾਰ ਤਾਂ ਹੱਦ ਹੀ ਹੋ ਗਈ ਜਦੋਂ ਜੋੜਾ ਦੁਬਾਰਾ ਤੋਂ ਨਜਦੀਕੀਆਂ ਵਧਾਉਣ ਲਈ ਛੁੱਟੀ ‘ਤੇ ਗਿਆ, ਪਰ ਉੱਥੇ ਵੀ ਪਤੀ ਦੀ ਮੋਬਾਇਲ ਦੀ ਆਦਤ ਨੇ ਦੋਨਾਂ ਵਿੱਚ ਨਜਦੀਕੀਆਂ ਦੀ ਥਾਂ ਕਲੇਸ਼ ਹੀ ਪੈਦਾ ਕੀਤਾ ਤੇ ਹੁਣ ਪਤਨੀ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਹੈ। ਇਹ ਫਿਲਹਾਲ ਦੀ ਘੜੀ ਸਿਰਫ ਇੱਕ ਉਦਾਹਰਨ ਮਾਤਰ ਲੱਗ ਸਕਦੀ ਹੈ, ਪਰ ਜੇ ਤੁਹਾਡੀ ਜਿੰਦਗੀ ਵਿੱਚ ਵੀ ਮੋਬਾਇਲ ਜਿਆਦਾ ਹਾਵੀ ਹੋ ਰਹੇ ਹਨ ਤਾਂ ਇਹ ਸਮਝ ਲਓ ਕਿ ਪਰਿਵਾਰ ਤੋਂ ਉੱਤੇ ਕੁਝ ਵੀ ਨਹੀਂ, ਸਮਾਂ ਖੁੰਝਿਆ ਪਛਤਾਵਾ ਹੀ ਹੱਥ ਲੱਗੇਗਾ। ਜ਼ਿਕਰਯੋਗ ਹੈ ਕਿ ਮੋਬਾਈਲ ਫੋਨ ‘ਤੇ ਗੇਮਾਂ ਖੇਡਣ ਦੀ ਆਦਤ, ਸੋਸ਼ਲ ਮੀਡੀਆ ਐਪਸ ਨੂੰ ਬੇਲੋੜਾ ਚਲਾਉਣ ਦੀ ਆਦਤ ਤੁਹਾਡੇ ਕੀਮਤੀ ਸਮੇਂ ਨੂੰ ਬਰਬਾਦ ਕਰਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਇਸ ਲਤ ਤੋਂ ਛੁਟਕਾਰਾ ਪਾਓ।