ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਪਿਛਲੇ ਲੰਮੇ ਸਮੇਂ ਤੋਂ ਚਰਚਾ ਦੇ ਵਿੱਚ ਹੈ। ਉੱਥੇ ਹੀ ਹੁਣ ਇਸ ਸ਼੍ਰੇਣੀ ਨੂੰ ਲੈ ਕੇ ਇਮੀਗ੍ਰੇਸ਼ਨ ਨਿਊਜੀਲੈਂਡ ਵੀ ਐਕਸ਼ਨ ਦੇ ਵਿੱਚ ਆ ਗਈ ਹੈ। ਦਰਅਸਲ ਵਪਾਰ, ਨਵੀਨਤਾ ਅਤੇ ਰੁਜ਼ਗਾਰ ਮੰਤਰਾਲੇ (ਐਮਬੀਆਈਈ) ਦੁਆਰਾ ਪੂਰੇ ਸ਼ਹਿਰ ਵਿੱਚ ਪ੍ਰਚੂਨ ਅਤੇ ਪਰਾਹੁਣਚਾਰੀ ਕਾਰੋਬਾਰਾਂ ਵਿਰੁੱਧ ਕਈ ਸ਼ਿਕਾਇਤਾਂ ਦਰਜ ਹੋਣ ਤੋਂ ਬਾਅਦ “ਵੱਡੇ ਪੈਮਾਨੇ” ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਆਕਲੈਂਡ ਦੇ 85 ਕਾਰੋਬਾਰਾਂ ਵਿੱਚ ਪ੍ਰਵਾਸੀ ਕਾਮਿਆਂ ਦੇ ਮਿਆਰਾਂ ਦੀ “ਉੱਚ ਪੱਧਰੀ ਗੈਰ-ਪਾਲਣਾ” ਪਾਈ ਗਈ ਹੈ। ਇਮੀਗ੍ਰੇਸ਼ਨ ਕੰਪਾਇਲੈਂਸ ਐਂਡ ਇਨਵੈਸਟਿਗੇਸ਼ਨ ਮਹਿਕਮੇ ਵਲੋਂ ਸਾਂਝੇ ਤੌਰ ‘ਤੇ ਚਲਾਏ ਗਏ ਆਪਰੇਸ਼ਨ ਵਿੱਚ ਆਕਲੈਂਡ ਦੇ 95 ਰਿਟੇਲ ਤੇ ਹੋਸਪੀਟੇਲਟੀ ਕਾਰੋਬਾਰਾਂ ‘ਤੇ ਛਾਪੇਮਾਰੀ ਕੀਤੀ ਗਈ ਸੀ।
ਕਥਿਤ ਉਲੰਘਣਾਵਾਂ ਵਿੱਚ ਕਰਮਚਾਰੀਆਂ ਨੂੰ ਘੱਟੋ-ਘੱਟ ਉਜਰਤ ਤੋਂ ਘੱਟ ਤਨਖ਼ਾਹ ਦੇਣਾ, ਕੋਈ ਰੁਜ਼ਗਾਰ ਇਕਰਾਰਨਾਮਾ ਨਹੀਂ, ਨਾਕਾਫ਼ੀ ਜਾਂ ਕੋਈ ਰਿਕਾਰਡ ਨਾ ਰੱਖਣਾ, ਛੁੱਟੀਆਂ ਅਤੇ ਛੁੱਟੀਆਂ ਦੇ ਹੱਕਾਂ ਨੂੰ ਰੋਕਿਆ ਜਾਣਾ, ਵੀਜ਼ਾ ਸ਼ਰਤ ਦੀ ਉਲੰਘਣਾ ਅਤੇ ਆਪਣੇ ਕਰਮਚਾਰੀਆਂ ਤੋਂ ਪੈਸੇ ਦੀ ਮੰਗ ਕਰਨ ਵਾਲੇ ਮਾਲਕ ਸ਼ਾਮਿਲ ਹਨ। ਲੇਬਰ ਇੰਸਪੈਕਟੋਰੇਟ ਵਿਖੇ ਪਾਲਣਾ ਅਤੇ ਲਾਗੂ ਕਰਨ ਦੇ ਮੁਖੀ ਸਾਈਮਨ ਹੰਫਰੀਜ਼ ਨੇ ਕਿਹਾ ਕਿ ਕੁਝ ਕਾਰੋਬਾਰਾਂ ‘ਤੇ “ਜਾਣ ਬੁੱਝ ਕੇ ਗੈਰ-ਪਾਲਣਾ ਅਤੇ ਸ਼ੋਸ਼ਣ ਕਰਨ ਵਾਲੇ ਅਭਿਆਸਾਂ” ਦੀ ਪਛਾਣ ਕੀਤੀ ਗਈ ਸੀ। ਯਾਨੀ ਕਿ ਪ੍ਰਵਾਸੀ ਕਰਮਚਾਰੀਆਂ ਦੇ ਸਬੰਧ ਵਿੱਚ ਵੱਡੇ ਪੱਧਰ ‘ਤੇ ਨਿਯਮਾਂ ਦੀ ਉਲੰਘਣਾ ਪਾਈ ਗਈ ਹੈ। ਉੱਥੇ ਹੀ 12 ਤੋਂ 15 ਕਾਰੋਬਾਰਾਂ ‘ਤੇ ਤਾਂ ਹਾਲਾਤ ਅਜਿਹੇ ਸਨ, ਕਿ ਉਨ੍ਹਾਂ ਨੂੰ ਇਨਫਰਿਜਮੈਂਟ ਨੋਟਿਸ ਵੀ ਜਾਰੀ ਕੀਤੇ ਗਏ ਹਨ।