ਆਕਲੈਂਡ ਦੇ ਇੱਕ ਵਿਅਕਤੀ ਨੂੰ ਵੀਰਵਾਰ ਨੂੰ ਉਸ ਸਮੇਂ ਆਪਣੀ ਜਾਨ ਦਾ ਖੌਫ ਪੈਦਾ ਹੋ ਗਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਜੋ ਪਾਈ ਖਾ ਰਿਹਾ ਸੀ, ਉਸ ਵਿੱਚ ਉੱਲੀ ਲੱਗੀ ਹੋਈ ਹੈ। ਜਾਣਕਾਰੀ ਮੁਤਾਬਿਕ ਜੋਸੇਫ ਪਾਈ ਦਾ ਸੇਵਨ ਕਰਨ ਤੋਂ ਬਾਅਦ ਡਾਕਟਰ ਨੂੰ ਮਿਲਣ ਗਿਆ ਸੀ। ਐਲਨ ਜੋਸਫ਼ ਨੇ ਮਾਊਂਟ ਰੋਸਕਿਲ ਵਿੱਚ ਡੋਮਿਨੀਅਨ ਆਰਡੀ ਉੱਤੇ ਬੇਕ ਐਂਡ ਬੀਨਜ਼ ਤੋਂ ਇਹ ਪਾਈ ਖਰੀਦੀ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਜਦੋਂ ਗ੍ਰਾਹਕ ਨੇ ਇਸ ਸਬੰਧੀ ਸਟਾਫ ਨੂੰ ਸ਼ਿਕਾਇਤ ਕੀਤੀ ਤਾਂ ਸਟਾਫ ਨੇ ਅੱਗੋਂ ਕਿਹਾ ਕਿ ਇਹ ਉੱਲੀ ਪਾਈ ਵਿੱਚ ਮੌਜੂਦ ਪਨੀਰ ਕਾਰਨ ਲੱਗੀ ਹੋ ਸਕਦੀ ਹੈ, ਪਰ ਹਰ ਰੋਜ ਸਵੇਰ ਵੇਲੇ ਤਾਜ਼ਾ ਬਣਾਈ ਜਾਂਦੀ ਪਾਈ ਨੂੰ ਇਨੀਂ ਜਲਦੀ ਉੱਲੀ ਨਹੀਂ ਲੱਗ ਸਕਦੀ। ਹਾਲਾਂਕਿ ਇਸ ਮਗਰੋਂ ਸਟਾਫ ਨੇ ਗਲਤੀ ਮੰਨਦਿਆਂ ਕਿਹਾ ਕਿ ਇੱਕ ਸਟਾਫ ਮੈਂਬਰ ਨੇ ਗਲਤੀ ਨਾਲ ਉੱਲੀ ਲੱਗੀਆਂ ਪਾਈਜ਼ ਨੂੰ ਸੁੱਟਣ ਦੀ ਥਾਂ ਵਾਰਮਰ ਵਿੱਚ ਰੱਖ ਦਿੱਤਾ ਸੀ।
