ਆਕਲੈਂਡ ਹਵਾਈ ਅੱਡਾ ਗਾਹਕਾਂ ਦੀ ਸੰਤੁਸ਼ਟੀ ਦੇ ਆਧਾਰ ‘ਤੇ ਹਵਾਈ ਅੱਡਿਆਂ ਦੀ ਵਿਸ਼ਵਵਿਆਪੀ ਦਰਜਾਬੰਦੀ ਵਿੱਚ ਚੋਟੀ ਦੇ 50 ਸਥਾਨਾਂ ਵਿੱਚ ਸ਼ਾਮਲ ਹੋਇਆ ਹੈ। ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਯੂਕੇ-ਅਧਾਰਤ ਏਅਰਲਾਈਨ ਅਤੇ ਹਵਾਈ ਅੱਡਾ ਸਮੀਖਿਆ ਵੈੱਬਸਾਈਟ ਸਕਾਈਟ੍ਰੈਕਸ ਦੇ 2025 ਪੁਰਸਕਾਰਾਂ ਵਿੱਚ 46ਵੇਂ ਸਥਾਨ ‘ਤੇ ਰਿਹਾ ਹੈ। ਇਹ ਸਾਲਾਨਾ ਸਰਵੇਖਣ ਚੈੱਕ-ਇਨ ਅਤੇ ਸੁਰੱਖਿਆ ਤੋਂ ਲੈ ਕੇ ਖਰੀਦਦਾਰੀ ਅਤੇ ਬੋਰਡਿੰਗ ਤੱਕ ਯਾਤਰੀਆਂ ਦੇ ਅਨੁਭਵ ਦਾ ਮੁਲਾਂਕਣ ਕਰਦਾ ਹੈ। ਉੱਥੇ ਹੀ ਸਿੰਗਾਪੁਰ ਦਾ ਚਾਂਗੀ ਹਵਾਈ ਅੱਡਾ ਲਗਾਤਾਰ 13ਵੇਂ ਸਾਲ ਰੈਂਕਿੰਗ ਵਿੱਚ ਸਿਖਰ ‘ਤੇ ਰਿਹਾ ਹੈ। ਜਦਕਿ ਆਕਲੈਂਡ ਹਵਾਈ ਅੱਡਾ ਮੈਲਬੌਰਨ ਅਤੇ ਬ੍ਰਿਸਬੇਨ ਤੋਂ ਬਾਅਦ ਆਸਟ੍ਰੇਲੀਆ-ਪ੍ਰਸ਼ਾਂਤ ਖੇਤਰ ਵਿੱਚ ਤੀਜਾ ਸਭ ਤੋਂ ਉੱਚਾ ਦਰਜਾ ਪ੍ਰਾਪਤ ਹਵਾਈ ਅੱਡਾ ਬਣਿਆ ਹੈ।
ਇੰਨਾਂ ਹੀ ਨਹੀਂ ਹਵਾਈ ਅੱਡਾ ਸਾਲਾਨਾ 10-20 ਮਿਲੀਅਨ ਯਾਤਰੀਆਂ ਨੂੰ ਸੰਭਾਲਣ ਵਾਲੇ ਹਵਾਈ ਅੱਡਿਆਂ ਵਿੱਚ ਚੌਥੇ ਸਥਾਨ ‘ਤੇ ਵੀ ਆਇਆ ਹੈ। ਆਕਲੈਂਡ ਹਵਾਈ ਅੱਡੇ ਦੇ ਮੁੱਖ ਗਾਹਕ ਅਧਿਕਾਰੀ ਸਕਾਟ ਟਾਸਕਰ ਨੇ ਕਿਹਾ ਕਿ ਹਵਾਈ ਅੱਡੇ ਨੇ ਪਿਛਲੇ ਸਾਲ ਕਈ ਬਦਲਾਅ ਕੀਤੇ ਹਨ ਜਿਸਦਾ ਉਦੇਸ਼ ਯਾਤਰੀਆਂ ਲਈ ਹਵਾਈ ਅੱਡੇ ‘ਚੋਂ ਲੰਘਣਾ ਆਸਾਨ ਅਤੇ ਤੇਜ਼ ਬਣਾਉਣਾ ਹੈ।