ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਬੁੱਧਵਾਰ ਸਵੇਰੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਗੇਟ ਉਤੇ ਧਾਰਮਿਕ ਸਜ਼ਾ ਕੱਟ ਰਹੇ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਇਸ ਘਟਨਾ ‘ਚ ਸੁਖਬੀਰ ਸਿੰਘ ਬਾਦਲ ਵਾਲ-ਵਾਲ ਬਚ ਗਏ।
ਦੱਸ ਦੇਈਏ ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਹਿਰੇਦਾਰ ਦੀ ਸੇਵਾ ਕਰ ਰਹੇ ਸਨ ਤਾਂ ਇੱਕ ਵਿਅਕਤੀ ਨੇ ਉਨ੍ਹਾਂ ’ਤੇ ਕੁਝ ਕਦਮਾਂ ਦੀ ਦੂਰੀ ਤੋਂ ਗੋਲੀ ਚਲਾ ਦਿੱਤੀ। ਪਰ ਉਨ੍ਹਾਂ ਦੇ ਕੋਲ ਖੜ੍ਹੇ ਕੁਝ ਵਿਅਕਤੀਆਂ ਨੇ ਹਮਲਾਵਰ ਨੂੰ ਪਿਸਤੌਲ ਤਾਣਦਿਆ ਦੇਖ ਲਿਆ ਅਤੇ ਤੁਰੰਤ ਫੜ ਲਿਆ। ਇਸ ਦੌਰਾਨ ਹਮਲਾਵਰ ਦਾ ਪਿਸਤੌਲ ਵਾਲਾ ਹੱਥ ਉੱਤੇ ਹੋ ਜਾਣ ਕਾਰਨ ਨਿਸ਼ਾਨਾ ਖੁੰਝ ਗਿਆ। ਜਾਣਕਾਰੀ ਅਨੁਸਾਰ ਕਾਬੂ ਕੀਤਾ ਗਿਆ ਵਿਅਕਤੀ ਨਰਾਇਣ ਸਿੰਘ ਚੌੜਾ ਹੈ ਜੋ ਕਿ ਪਹਿਲਾਂ ਵੀ ਕੁਝ ਮਾਮਲਿਆਂ ਵਿੱਚ ਜੇਲ੍ਹ ਵਿੱਚ ਰਹਿ ਚੁੱਕਾ ਹੈ।