ਪਿਛਲੇ ਦਿਨੀ ਨਿਊਜ਼ੀਲੈਂਡ ਦੇ ਜੰਮਪਲ ਇੱਕ ਪੰਜਾਬੀ ਨੌਜਵਾਨ ਦੀ ਡਿਪੋਰਟੇਸ਼ਨ ਦਾ ਮਾਮਲਾ ਕਾਫੀ ਜਿਆਦਾ ਚਰਚਾ ‘ਚ ਰਿਹਾ ਹੈ। ਹਾਲਾਂਕਿ ਐਨ ਮੌਕੇ ‘ਤੇ ਨੌਜਵਾਨ ਦੀ ਡਿਪੋਰਟੇਸ਼ਨ ਨੂੰ ਰੋਕਣ ਦੀ ਜਾਣਕਾਰੀ ਸਾਹਮਣੇ ਆਈ ਸੀ। ਪਰ ਹੁਣ ਇਸੇ ਮਾਮਲੇ ‘ਚ ਇੱਕ ਹੋਰ ਵੱਡਾ ਅਪਡੇਟ ਆਇਆ ਹੈ ਕਿ ਇਸ ਕੇਸ ਸਬੰਧੀ ਅਸੋਸ਼ੀਏਟ ਇਮੀਗ੍ਰੇਸ਼ਨ ਮਨਿਸਟਰ ਅਜੇ ਵਿਚਾਰ ਕਰ ਰਹੇ ਹਨ। 18 ਸਾਲ ਦੇ ਨੌਜਵਾਨ ਦਮਨ ਕੁਮਾਰ ਦੇ ਮਾਪਿਆਂ ਦੇ ਗੈਰ-ਕਾਨੂੰਨੀ ਵੀਜਾ ਸਟੇਟਸ ਦੇ ਚਲਦਿਆਂ ਉਸ ਨੂੰ ਨਿਊਜੀਲ਼ੈਂਡ ਛੱਡ ਭਾਰਤ ਜਾਣ ਲਈ ਕਿਹਾ ਗਿਆ ਸੀ ਤੇ ਅਜਿਹਾ ਨਾ ਕਰਨ ਤੇ ਉਸਨੂੰ ਸੋਮਵਾਰ ਨੂੰ ਡਿਪੋਰਟੇਸ਼ਨ ਨੋਟਿਸ ਜਾਰੀ ਹੋਣੇ ਸਨ। ਫਿਰ ਕਿਹਾ ਗਿਆ ਸੀ ਕਿ ਹੁਣ ਦਮਨ ਕੁਮਾਰ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ। ਪਰ ਹੁਣ ਅਸੋਸ਼ੀਏਟ ਮਨਿਸਟਰ ਕ੍ਰਿਸ ਪੇਂਕ ਦੇ ਦਫਤਰ ਦੇ ਬੁਲਾਰੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਡਿਪੋਰਟੇਸ਼ਨ ਸਬੰਧੀ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਤੇ ਇਹ ਕੇਸ ਹੁਣ ਮਨਿਸਟਰ ਦੇ ਵਿਚਾਰ ਅਧੀਨ ਹੈ। ਉਹ ਕੇਸ ਦੀਆਂ ਸਾਰੀਆਂ ਜਾਣਕਾਰੀਆਂ ਦੀ ਤਫਤੀਸ਼ ਕਰਨਗੇ ਤੇ ਫਿਰ ਕੋਈ ਫੈਸਲਾ ਲੈਣਗੇ।