ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਣੇ ਭਾਰਤ ਦੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪਰ ਇਸ ਵਾਰ ਚੋਣਾਂ ‘ਤੇ ਕੋਰੋਨਾ ਦੀ ਮਾਰ ਵੀ ਬਰਕਰਾਰ ਹੈ। ਇਸ ਵਿਚਕਾਰ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਵੀ ਰੈਲੀਆਂ ‘ਤੇ ਲੱਗੀ ਰੋਕ ਨਹੀਂ ਹਟਾਈ ਹੈ। ਹਾਲਾਂਕਿ ਚੋਣ ਪ੍ਰਚਾਰ ‘ਤੇ ਪਾਬੰਦੀ ‘ਚ ਕੁੱਝ ਢਿੱਲ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਦੇ ਅਨੁਸਾਰ ਹੁਣ ਇੱਕ ਹਜ਼ਾਰ ਲੋਕਾਂ ਦੇ ਇਕੱਠ ਦੀ ਇਜਾਜ਼ਤ ਹੈ। ਇਸ ਤੋਂ ਇਲਾਵਾ ਵੱਧ ਤੋਂ ਵੱਧ 20 ਲੋਕ ਵੀ ਡੋਰ ਟੂ ਡੋਰ ਪ੍ਰਚਾਰ ਮੁਹਿੰਮ ਵਿੱਚ ਹਿੱਸਾ ਲੈ ਸਕਦੇ ਹਨ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਇਹ ਫੈਸਲਾ ਕੋਰੋਨਾ ਮਹਾਮਾਰੀ ਦੇ ਕੁੱਝ ਹੱਦ ਤੱਕ ਕਾਬੂ ‘ਚ ਆਉਣ ਤੋਂ ਬਾਅਦ ਲਿਆ ਹੈ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਫੈਸਲਾ ਕੀਤਾ ਹੈ ਕਿ 500 ਦੀ ਬਜਾਏ 1000 ਲੋਕਾਂ ਦਾ ਇਕੱਠ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਡੋਰ ਟੂ ਡੋਰ ਮੁਹਿੰਮ ਹੁਣ 10 ਦੀ ਬਜਾਏ 20 ਲੋਕਾਂ ਨਾਲ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ, ਇਨਡੋਰ ਮੀਟਿੰਗ ਵਿੱਚ 300 ਦੀ ਬਜਾਏ 500 ਲੋਕ ਹਾਜ਼ਰ ਹੋ ਸਕਦੇ ਹਨ। ਪਿਛਲੀ ਮੀਟਿੰਗ ਵਿੱਚ ਕਮਿਸ਼ਨ ਨੇ ਪਹਿਲੇ ਅਤੇ ਦੂਜੇ ਪੜਾਅ ਲਈ ਰੈਲੀਆਂ ਦੀ ਇਜਾਜ਼ਤ ਦਿੱਤੀ ਸੀ ਪਰ ਗਿਣਤੀ 500 ਤੱਕ ਸੀਮਤ ਕਰ ਦਿੱਤੀ ਸੀ।
ਕੋਵਿਡ ਸੰਕਟ ਕਾਰਨ ਚੋਣ ਕਮਿਸ਼ਨ ਨੇ 31 ਜਨਵਰੀ ਤੱਕ ਜਨਤਕ ਮੀਟਿੰਗਾਂ ਅਤੇ ਰੈਲੀਆਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਪਹਿਲਾਂ ਇਹ ਪਾਬੰਦੀ 15 ਜਨਵਰੀ ਤੱਕ ਸੀ, ਫਿਰ ਇਸਨੂੰ 22 ਜਨਵਰੀ ਤੱਕ ਵਧਾ ਦਿੱਤਾ ਗਿਆ ਅਤੇ ਫਿਰ ਇਸਨੂੰ 31 ਜਨਵਰੀ ਤੱਕ ਵਧਾ ਦਿੱਤਾ ਗਿਆ ਸੀ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2,09,918 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਕਾਰਨ 959 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਸ ਦੇਈਏ ਕਿ 10 ਫਰਵਰੀ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਜਿਨ੍ਹਾਂ ਪੰਜ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਨੀਪੁਰ ਸ਼ਾਮਲ ਹਨ। ਯੂਪੀ ਵਿੱਚ ਕੁੱਲ ਸੱਤ ਪੜਾਵਾਂ ਵਿੱਚ ਵੋਟਾਂ ਪੈਣਗੀਆਂ। ਜਦੋਂ ਕਿ ਮਨੀਪੁਰ ਵਿੱਚ ਦੋ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਪੰਜਾਬ, ਉਤਰਾਖੰਡ ਅਤੇ ਗੋਆ ਵਿੱਚ ਇੱਕੋ ਪੜਾਅ ਵਿੱਚ ਵੋਟਾਂ ਪੈਣਗੀਆਂ। ਫਿਰ 5 ਸੂਬਿਆਂ ਦੀਆਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਜਾਣਕਾਰੀ ਮੁਤਾਬਕ ਸਿਹਤ ਮੰਤਰਾਲੇ ਨੇ ਚੋਣ ਕਮਿਸ਼ਨ ਨੂੰ ਕਿਹਾ ਸੀ ਕਿ ਦੇਸ਼ ਭਰ ‘ਚ ਹੁਣ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ। ਇਸ ਦੇ ਨਾਲ ਹੀ ਚੋਣ ਵਾਲੇ ਰਾਜਾਂ ਵਿੱਚ ਕੋਰੋਨਾ ਟੀਕਾਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਅਤੇ ਉਨ੍ਹਾਂ ਦੀ ਟੀਮ ਪ੍ਰਚਾਰ ਲਈ ਦਿੱਤੀ ਗਈ ਛੋਟ ਨੂੰ ਵਧਾਉਣ ਲਈ ਸਹਿਮਤ ਹੋ ਗਈ।