ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਹਿਮਾਚਲ ਵਿੱਚ 12 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਈ ਸੀ। ਉੱਥੇ ਹੀ, ਗੁਜਰਾਤ ਵਿੱਚ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ਵਿੱਚ ਵੋਟਿੰਗ ਹੋਈ। ਜ਼ਿਆਦਾਤਰ ਐਗਜ਼ਿਟ ਪੋਲ ‘ਚ ਗੁਜਰਾਤ ‘ਚ ਜਿੱਥੇ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਸੀ। ਉੱਥੇ ਹੀ ਹਿਮਾਚਲ ‘ਚ ਕੁੱਝ ਐਗਜ਼ਿਟ ਪੋਲ ਕਾਂਗਰਸ ਦੀ ਸਰਕਾਰ ਬਣਦੀ ਦਿਖਾ ਰਹੇ ਸਨ, ਜਦਕਿ ਕੁੱਝ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਦਿਖਾ ਰਹੇ ਸਨ।
ਜੇਕਰ ਹੁਣ ਰੁਝਾਨਾਂ ਦੀ ਗੱਲ ਕਰੀਏ ਤਾਂ ਰੁਝਾਨਾਂ ‘ਚ ਗੁਜਰਾਤ ‘ਚ ਭਾਜਪਾ 150 ਤੋਂ ਵੱਧ ਸੀਟਾਂ ‘ਤੇ ਅੱਗੇ ਹੈ। ਜਦਕਿ ਕਾਂਗਰਸ ਨੂੰ ਸਿਰਫ਼ 17 ਸੀਟਾਂ ‘ਤੇ ਹੀ ਲੀਡ ਮਿਲੀ ਹੈ। ਉਂਝ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੂੰ ਹੁਣ ਲੀਡ ਮਿਲ ਗਈ ਹੈ। ਰੁਝਾਨਾਂ ਵਿੱਚ ਕਾਂਗਰਸ ਨੇ ਬਹੁਮਤ ਹਾਸਿਲ ਕੀਤਾ ਹੈ। ਹਾਲਾਂਕਿ ਹਿਮਾਚਲ ‘ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਖਤ ਟੱਕਰ ਚੱਲ ਰਹੀ ਹੈ। ਇੱਥੇ ਕਦੇ ਭਾਜਪਾ ਅੱਗੇ ਹੈ ਤੇ ਕਦੇ ਕਾਂਗਰਸ ਅੱਗੇ। ਖਬਰ ਲਿਖੇ ਜਾਣ ਤੱਕ ਗੁਜਰਾਤ ‘ਚ ਭਾਜਪਾ 159 ਸੀਟਾਂ ‘ਤੇ ਅੱਗੇ ਹੈ, ਜਦਕਿ ਕਾਂਗਰਸ 15, ‘ਆਪ’ 5 ਅਤੇ ਹੋਰ 3 ਸੀਟਾਂ ‘ਤੇ ਅੱਗੇ ਹਨ। ਹਿਮਾਚਲ ‘ਚ ਕਾਂਗਰਸ 40 ਸੀਟਾਂ ‘ਤੇ ਅੱਗੇ ਵੱਧ ਗਈ ਹੈ। ਭਾਜਪਾ 25 ਅਤੇ ਆਜ਼ਾਦ ਉਮੀਦਵਾਰ 3 ਸੀਟਾਂ ‘ਤੇ ਅੱਗੇ ਹਨ।