ਏਸ਼ੀਆ ਕੱਪ 2022 ‘ਚ ਟੀਮ ਇੰਡੀਆ ਆਪਣੀ ਮੁਹਿੰਮ ਦੀ ਸ਼ੁਰੂਆਤ ਕੱਟੜ ਵਿਰੋਧੀ ਪਾਕਿਸਤਾਨ ਦੇ ਖਿਲਾਫ ਮੈਚ ਨਾਲ ਕਰਨ ਜਾ ਰਹੀ ਹੈ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ 28 ਅਗਸਤ (ਐਤਵਾਰ) ਨੂੰ ਹੋਣ ਵਾਲੇ ਮੈਚ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਇਸ ਹਾਈਵੋਲਟੇਜ ਮੈਚ ‘ਚ ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਦੇ ਹੱਥ ਹੋਵੇਗੀ। ਜਦਕਿ ਬਾਬਰ ਆਜ਼ਮ ਪਾਕਿਸਤਾਨੀ ਟੀਮ ਦੀ ਕਮਾਨ ਸੰਭਾਲ ਰਿਹਾ ਹੈ। ਆਖਰੀ ਵਾਰ ਜਦੋਂ 10 ਮਹੀਨੇ ਪਹਿਲਾਂ ਇਸ ਮੈਦਾਨ ‘ਤੇ ਟੀ-20 ਵਿਸ਼ਵ ਕੱਪ ਦੌਰਾਨ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ, ਤਾਂ ਭਾਰਤ ਨੂੰ ਪਾਕਿਸਤਾਨ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਟੀਮ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਦਿੱਗਜ ਖਿਡਾਰੀ ਵੀ ਸਨ। ਹੁਣ ਜਿੱਥੇ ਰੋਹਿਤ ਹਮਲਾਵਰ ਬੱਲੇਬਾਜ਼ੀ ਰਵੱਈਏ ਨੂੰ ਨਵਾਂ ਆਯਾਮ ਦੇਣਾ ਚਾਹੁਣਗੇ, ਉੱਥੇ ਇਹ ਮੈਚ ਵਿਰਾਟ ਕੋਹਲੀ ਲਈ ਫਾਰਮ ‘ਚ ਵਾਪਸੀ ਲਈ ਢੁੱਕਵਾਂ ਮੰਚ ਸਾਬਿਤ ਹੋ ਸਕਦਾ ਹੈ।
ਖ਼ਰਾਬ ਸਿਆਸੀ ਅਤੇ ਕੂਟਨੀਤਕ ਸਬੰਧਾਂ ਕਾਰਨ ਪਿਛਲੇ 10 ਸਾਲਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਵੱਲੀ ਲੜੀ ਨਹੀਂ ਖੇਡੀ ਗਈ ਹੈ। ਅਜਿਹੇ ‘ਚ ਦੋਵੇਂ ਦੇਸ਼ ਆਈਸੀਸੀ ਅਤੇ ਏਸ਼ੀਆ ਕੱਪ ਵਰਗੇ ਵੱਡੇ ਟੂਰਨਾਮੈਂਟਾਂ ‘ਚ ਹੀ ਆਹਮੋ-ਸਾਹਮਣੇ ਹੁੰਦੇ ਹਨ। ਪਿਛਲੀ ਵਾਰ ਸ਼ਾਹੀਨ ਅਫਰੀਦੀ ਨੇ ਭਾਰਤੀ ਟੀਮ ਦਾ ਲੱਕ ਤੋੜ ਦਿੱਤਾ ਸੀ। ਪਰ ਐਤਵਾਰ ਨੂੰ ਸ਼ਾਹੀਨ ਅਫਰੀਦੀ ਪਾਕਿਸਤਾਨੀ ਗੇਂਦਬਾਜ਼ੀ ਦੀ ਅਗਵਾਈ ਕਰਨ ਲਈ ਮੌਜੂਦ ਨਹੀਂ ਹੋਵੇਗਾ ਕਿਉਂਕਿ ਉਹ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।