ਪਾਕਿਸਤਾਨ ਦੇ ਖਾਨੇਵਾਲ ‘ਚ ਇਮਰਾਨ ਸਰਕਾਰ ਖਿਲਾਫ ਪ੍ਰਚਾਰ ਕਰ ਰਹੀ ਪੀਪੀਪੀ ਨੇਤਾ ਆਸਿਫਾ ਭੁੱਟੋ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇੱਕ ਰੋਡ ਸ਼ੋਅ ਦੇ ਦੌਰਾਨ ਇੱਕ ਡਰੋਨ ਆਸਿਫਾ ਦੇ ਚਿਹਰੇ ‘ਤੇ ਵੱਜਿਆ ਹੈ ਜਿਸ ਕਾਰਨ ਆਸਿਫਾ ਜ਼ਖਮੀ ਹੋ ਗਈ। ਇਸ ਹਾਦਸੇ ਕਾਰਨ ਆਸਿਫਾ ਦੀਆਂ ਅੱਖਾਂ ਦੇ ਉੱਪਰ ਕਈ ਟਾਂਕੇ ਲੱਗੇ ਹਨ। ਦੱਸ ਦੇਈਏ ਕਿ ਆਸਿਫਾ ਭੁੱਟੋ ਜ਼ਰਦਾਰੀ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਬੇਟੀ ਹੈ ਜੋ ਇਮਰਾਨ ਸਰਕਾਰ ਖਿਲਾਫ ਪਾਕਿਸਤਾਨ ਦੇ ਪੰਜਾਬ ‘ਚ ਰੋਡ ਸ਼ੋਅ ਕਰ ਰਹੀ ਹੈ। ਆਸਿਫਾ ਦੇ ਭਰਾ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਮੁਖੀ ਬਿਲਾਵਲ ਭੁੱਟੋ ਵੀ ਰੈਲੀ ਵਿੱਚ ਮੌਜੂਦ ਸਨ। ਘਟਨਾ ਤੋਂ ਬਾਅਦ ਸੁਰੱਖਿਆ ਬਲ ਨੇ ਤੁਰੰਤ ਆਪਰੇਟਰ ਨੂੰ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਮੁਤਾਬਕ ਬਿਲਾਵਲ ਅਤੇ ਆਸਿਫਾ ਦਾ ਇਹ ਰੋਡ ਸ਼ੋਅ ਪੰਜਾਬ ਸੂਬੇ ਦੇ ਖਾਨੇਵਾਲ ‘ਚ ਚੱਲ ਰਿਹਾ ਸੀ। ਰੈਲੀ ਵਿੱਚ ਆਸਿਫਾ ਤਾੜੀਆਂ ਵਜਾ ਰਹੀ ਸੀ। ਅਚਾਨਕ ਡਰੋਨ ਵੱਜਣ ਤੋਂ ਬਾਅਦ ਆਸਿਫਾ ਹੇਠਾਂ ਡਿੱਗ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ ਪੰਜ ਟਾਂਕੇ ਲੱਗੇ। ਆਸਿਫਾ ਦੇ ਡਰੋਨ ਵੱਜਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਪਰੇਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬਿਲਾਵਲ ਭੁੱਟੋ ਨੇ ਕਿਹਾ ਕਿ ਅਸੀਂ ਜਾਂਚ ‘ਚ ਪਤਾ ਲਗਾਉਣ ਜਾ ਰਹੇ ਹਾਂ ਕਿ ਕੀ ਇਹ ਕੋਈ ਸਾਜ਼ਿਸ਼ ਹੈ? ਜਾਂਚ ਤੋਂ ਬਾਅਦ ਕਾਰਵਾਈ ਕਰਾਂਗੇ। ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਜਿਸ ਡਰੋਨ ਨਾਲ ਇਹ ਘਟਨਾ ਵਾਪਰੀ ਹੈ, ਉਹ ਸੱਤਾਧਾਰੀ ਨੇਤਾ ਅਲੀਮ ਖਾਨ ਦਾ ਚੈਨਲ ਹੈ। ਇੱਥੇ ਖਾਸ ਗੱਲ ਇਹ ਹੈ ਕਿ ਆਸਿਫਾ ਭੁੱਟੋ ਜ਼ਰਦਾਰੀ ਦੀ ਮਾਂ ਅਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਵੀ ਇੱਕ ਚੋਣ ਰੈਲੀ ਮਗਰੋਂ ਹੀ ਹੱਤਿਆ ਕੀਤੀ ਗਈ ਸੀ। 2007 ਵਿੱਚ ਰਾਵਲਪਿੰਡੀ ਵਿੱਚ ਇੱਕ ਚੋਣ ਰੈਲੀ ਮਗਰੋਂ ਇੱਕ ਭੁੱਟੋ ਦੀ ਹੱਤਿਆ ਕਰ ਦਿੱਤੀ ਸੀ।
ਦੱਸ ਦੇਈਏ ਕਿ ਆਸਿਫਾ ਨੇ ਪਿਛਲੇ ਸਾਲ ਬ੍ਰਿਟੇਨ ‘ਚ ਪੜ੍ਹਾਈ ਕਰਨ ਤੋਂ ਬਾਅਦ ਰਾਜਨੀਤੀ ‘ਚ ਪ੍ਰਵੇਸ਼ ਕੀਤਾ ਸੀ। ਰਾਜਨੀਤੀ ‘ਚ ਆਉਣ ਤੋਂ ਬਾਅਦ ਆਸਿਫਾ ਆਪਣੇ ਭਾਸ਼ਣ ਨਾਲ ਇਮਰਾਨ ਸਰਕਾਰ ‘ਤੇ ਹਮਲੇ ਕਰਦੀ ਰਹਿੰਦੀ ਹੈ। ਪਿਛਲੇ ਦਿਨੀਂ ਬਿਲਾਵਲ ਭੁੱਟੋ ਅਤੇ ਨਵਾਜ਼ ਸ਼ਰੀਫ਼ ਦੀ ਪਾਰਟੀ ਨੇ ਪਾਕਿਸਤਾਨ ਵਿੱਚ ਇਮਰਾਨ ਸਰਕਾਰ ਖ਼ਿਲਾਫ਼ ਮਿਲ ਕੇ ਲੜਨ ਦਾ ਐਲਾਨ ਕੀਤਾ ਸੀ।
ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਬੁਲਾਰੇ ਹੰਸਾਨ ਖਵਾਰ ਨੇ ਕਿਹਾ ਹੈ ਕਿ ਡਾ: ਬਾਬਰ ਨੂੰ ਘਟਨਾ ਦੇ ਤੁਰੰਤ ਬਾਅਦ ਮੌਕੇ ‘ਤੇ ਭੇਜਿਆ ਗਿਆ ਸੀ। ਅਤੇ ਉਨ੍ਹਾਂ ਨੇ ਖੁਦ ਆਸਿਫਾ ਦਾ ਇਲਾਜ ਕੀਤਾ। ਫਿਲਹਾਲ, ਆਸਿਫਾ ਦੀ ਅੱਖ ਦੇ ਉੱਪਰ ਇੱਕ ਛੋਟਾ ਜਿਹਾ ਕੱਟ ਹੈ ਅਤੇ ਉਸਦੇ ਹੱਥ ‘ਤੇ ਵੀ ਜ਼ਖਮ ਹਨ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪੈ ਸਕਦਾ ਹੈ ਪਰ ਆਸਿਫਾ ਨੇ ਪੱਟੀ ਬੰਨ੍ਹ ਕੇ ਹੀ ਬਾਹਰ ਜਾਣ ਦਾ ਫੈਸਲਾ ਕੀਤਾ। ਉਸ ਦੀ ਪੱਟੀ ਵਾਲੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।